ਇਜ਼ਰਾਈਲ ਹਮਲੇ ‘ਚ ਮੀਡੀਆ ਵੀ ਬਣਿਆ ਨਿਸ਼ਾਨਾ, ਏਪੀ, ਅਲ-ਜਜ਼ੀਰਾ ਸਣੇ ਕਈ ਹੋਰ ਮੀਡੀਆ ਦਫ਼ਤਰਾਂ ਨੂੰ ਕੀਤਾ ਤਬਾਹ

TeamGlobalPunjab
3 Min Read

ਗਾਜ਼ਾ ਸਿਟੀ: ਇਜ਼ਰਾਈਲ ਤੇ ਫਲਸਤੀਨ ‘ਚ ਯੁੱਧ ਵਧਦਾ ਜਾ ਰਿਹਾ ਹੈ। ਇਕ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ‘ਚ ਸਥਿਤ ਉੱਚੀ ਇਮਾਰਤ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਹੈ। ਜਿਸ ਵਿਚ ਐਸੋਸੀਏਟਿਵ ਪ੍ਰੈੱਸ ਅਤੇ ਹੋਰ ਮੀਡੀਆ ਆਊਟਲੇਟਸ ਦੇ ਦਫਤਰ ਸਨ। ਜਾਣਕਾਰੀ ਮੁਤਾਬਕ ਐਸੋਸੀਏਟਿਡ ਪ੍ਰੈੱਸ ਦੇ ਸਾਰੇ ਕਰਮਚਾਰੀਆਂ ਅਤੇ ਫ੍ਰੀਲਾਂਸਰਾਂ ਨੂੰ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ।

 ਪ੍ਰੈਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਜ਼ਰਾਈਲ ਦੀ ਸੈਨਾ ਨੇ ਸ਼ਨੀਵਾਰ ਨੂੰ ਗਾਜ਼ਾ ਪੱਟੀ ‘ਤੇ ਇੱਕ ਹਵਾਈ ਹਮਲੇ ਵਿਚ ਕਤਰ ਦੇ ਅਲ-ਜਜ਼ੀਰਾ ਟੈਲੀਵੀਜ਼ਨ ਅਤੇ ਅਮਰੀਕੀ ਸਮਾਚਾਰ ਏਜੰਸੀ ਦ ਐਸੋਸੀਏਟਡ ਪ੍ਰੈਸ ਦੀ 13 ਮੰਜ਼ਿਲਾ ਇਮਾਰਤ ‘ਤੇ ਹਮਲਾ ਕੀਤਾ।

ਅਲ-ਜਜ਼ੀਰਾ ਨੇ ਇੱਕ ਟਵੀਟ ਵਿਚ ਕਿਹਾ, “ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚਲਾ ਜਾਲਾ ਟਾਵਰ ਨਸ਼ਟ ਕਰ ਦਿੱਤਾ, ਜਿਸ ਵਿਚ ਅਲ-ਜਜ਼ੀਰਾ ਦਫ਼ਤਰ ਅਤੇ ਹੋਰ ਅੰਤਰਰਾਸ਼ਟਰੀ ਪ੍ਰੈਸ ਦਫ਼ਤਰ ਹਨ।” ਏਪੀ ਦੇ ਇੱਕ ਪੱਤਰਕਾਰ ਨੇ ਕਿਹਾ ਕਿ ਫੌਜ ਨੇ ਹਮਲੇ ਤੋਂ ਪਹਿਲਾਂ ਟਾਵਰ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਸੀ।

- Advertisement -

ਪਿਛਲੇ ਮਹੀਨੇ ਯੇਰੂਸ਼ਲੱਮ ’ਚ ਤਣਾਅ ਮਗਰੋਂ ਸ਼ੁਰੂ ਹੋਇਆ ਇਹ ਸੰਘਰਸ਼ ਵੱਡੇ ਪੱਧਰ ’ਤੇ ਫੈਲ ਗਿਆ ਹੈ। ਗਾਜ਼ਾ ’ਤੇ ਹਮਲੇ ਤੋਂ ਬਾਅਦ ਇਜ਼ਰਾਈਲ ਵਿਚ ਵੀ ਗ੍ਰਹਿ ਯੁੱਧ ਦੇ ਆਸਾਰ ਬਣ ਗਏ ਹਨ। ਕਈ ਸ਼ਹਿਰਾਂ ਵਿਚ ਅਰਬੀ ਮੂਲ ਦੇ ਲੋਕਾਂ ਨਾਲ ਪੁਲਿਸ ਤੇ ਨੀਮ ਫ਼ੌਜੀ ਬਲਾਂ ਦਾ ਸਿੱਧਾ ਟਕਰਾਅ ਹੋ ਰਿਹਾ ਹੈ। ਇਸ ਦੌਰਾਨ ਇਜ਼ਰਾਇਲੀ ਸੈਨਾ ਦੀ ਕਾਰਵਾਈ ’ਚ ਘੱਟ ਤੋਂ ਘੱਟ 11 ਜਣੇ ਮਾਰੇ ਗਏ। ਇਹ ਹਿੰਸਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਫਲਸਤੀਨੀ ਅੱਜ ‘ਨਕਬਾ ਦਿਵਸ’ ਮਨਾ ਰਹੇ ਹਨ ਜੋ 1948 ਦੀ ਜੰਗ ’ਚ ਇਜ਼ਰਾਈਲ ਵੱਲੋਂ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦੀ ਯਾਦ ’ਚ ਮਨਾਇਆ ਜਾਂਦਾ ਹੈ। ਇਸ ਨਾਲ ਸੰਘਰਸ਼ ਹੋਰ ਮਘਣ ਦਾ ਖਦਸ਼ਾ ਵੱਧ ਗਿਆ ਹੈ।

 ਗਾਜ਼ਾ ਵਿਚ 136 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 34 ਬੱਚੇ ਅਤੇ 21 ਔਰਤਾਂ ਸ਼ਾਮਲ ਹਨ। 950 ਲੋਕ ਜ਼ਖ਼ਮੀ ਹੋਏ ਹਨ। ਗਾਜ਼ਾ ਵਿਚ ਇਕ ਹਵਾਈ ਹਮਲੇ ਵਿਚ ਹੀ 12 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। ਇਜ਼ਰਾਈਲੀ ਫ਼ੌਜ ਨੇ ਕਿਹਾ ਹੈ ਕਿ ਹਮਾਸ ਨੇ ਹੁਣ ਤਕ 2300 ਰਾਕਟ ਗਾਜ਼ਾ ਤੋਂ ਚਲਾਏ ਹਨ, ਇਨ੍ਹਾਂ ਵਿਚੋਂ ਇਕ ਹਜ਼ਾਰ ਰਾਕਟ ਆਈਰਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਨਾਲ ਨਸ਼ਟ ਕਰ ਦਿੱਤੇ ਗਏ। 380 ਗਾਜ਼ਾ ਪੱਟੀ ਵਿਚ ਹੀ ਡਿੱਗ ਗਏ। ਗਾਜ਼ਾ ਸਿਟੀ ’ਚ ਇੱਕ ਸ਼ਰਨਾਰਥੀ ਕੈਂਪ ਕੋਲ ਤਿੰਨ ਮੰਜ਼ਿਲਾ ਇਮਾਰਤ ’ਤੇ ਹਵਾਈ ਹਮਲੇ ’ਚ ਘੱਟ ਤੋਂ ਘੱਟ ਅੱਠ ਬੱਚੇ ਤੇ ਦੋ ਔਰਤਾਂ ਦੀ ਮੌਤ ਹੋ ਗਈ।

Share this Article
Leave a comment