ਮੁੰਬਈ: ਮਹਾਰਾਸ਼ਟਰ ਵਿਚ ਅੱਜ ਉਧਵ ਠਾਕਰੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪਿਛਲੇ ਇਕ ਮਹੀਨੇ ਦੇ ਸਿਆਸੀ ਉਲਟਫੇਰਾਂ ਤੋਂ ਬਾਅਦ ਆਖਰਕਾਰ ਅੱਜ ਸ਼ਿਵਸੈਨਾ-ਐਨਸੀਪੀ ਅਤੇ ਕਾਂਗਰਸ ਦੇ ਗਠਜੋੜ ਵਾਲੀ ਸਰਕਾਰ ਬਨਣ ਜਾ ਰਹੀ ਹੈ। ਉਧਵ ਠਾਕਰੇ ਸ਼ਾਮ 6.40 ਮਿੰਟ ਤੇ ਦਾਦਰ ਸਥਿਤ ਸ਼ਿਵਾਜੀ ਪਾਰਕ ਵਿਖੇ ਹੋਣ ਵਾਲੇ ਸਮਾਗਮ ‘ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।
ਉਧਵ ਦੇ ਨਾਲ ਤਿੰਨਾਂ ਪਾਰਟੀਆਂ ਦੇ ਇੱਕ-ਇੱਕ ਜਾਂ ਦੋ-ਦੋ ਪ੍ਰਮੁੱਖ ਆਗੂ ਵੀ ਸਹੁੰ ਚੁੱਕਣਗੇ। ਮੰਤਰੀ ਮੰਡਲ ਦਾ ਵਿਸਥਾਰ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਹਾਸਲ ਕਰਨ ਤੋਂ ਬਾਅਦ ਹੋਵੇਗਾ। ਗਠਜੋੜ ਦੇ ਨਵੇਂ ਫਾਰਮੂਲੇ ਅਨੁਸਾਰ ਸਰਕਾਰ ਵਿਚ ਉਪ ਮੁੱਖ ਮੰਤਰੀ ਦਾ ਅਹੁਦਾ ਐੱਨਸੀਪੀ ਅਤੇ ਵਿਧਾਨ ਸਭਾ ਸਪੀਕਰ ਦਾ ਅਹੁਦਾ ਕਾਂਗਰਸ ਕੋਲ ਰਹੇਗਾ।
ਠਾਕਰੇ ਪਰਿਵਾਰ ਦਾ ਕੋਈ ਮੈਂਬਰ ਪਹਿਲੀ ਵਾਰ ਕਿਸੇ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕਣ ਜਾ ਰਿਹਾ ਹੈ। ਸਰਕਾਰ ਵਿਚ ਸ਼ਾਮਲ ਪਾਰਟੀਆਂ ‘ਚ ਸ਼ਿਵ ਸੈਨਾ ਦੇ 56, ਐੱਨਸੀਪੀ ਦੇ 54 ਅਤੇ ਕਾਂਗਰਸ ਦੇ 44 ਵਿਧਾਇਕ ਹਨ।
ਉਧਰ ਊਧਵ ਠਾਕਰੇ ਦੇ ਪੁੱਤਰ ਆਦਿਤਿਆ ਠਾਕਰੇ ਨੇ ਦਿੱਲੀ ਪਹੁੰਚ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਹੁੰ ਚੁੱਕ ਸਮਾਗਮ ਵਿਚ ਹਾਜ਼ਰ ਰਹਿਣ ਦੀ ਗੁਜ਼ਾਰਿਸ਼ ਕੀਤੀ।