ਨਿਊਜ਼ੀਲੈਂਡ ਵਿਖੇ ਵਾਪਰੇ ਸੜਕ ਹਾਦਸੇ ‘ਚ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦੀ ਮੌਤ

TeamGlobalPunjab
2 Min Read

ਆਕਲੈਂਡ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਵਾਪਰੇ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚੋ ਇੱਕ ਦੀ ਪਛਾਣ ਪੰਜਾਬ ਦੇ ਨੌਜਵਾਨ 31 ਸਾਲਾ ਸੁਖਜੀਤ ਗਰੇਵਾਲ ਅਤੇ ਦੂਜੇ ਦੀ ਪਛਾਣ ਹਰਿਆਣਾ ਦੇ 27 ਸਾਲਾ ਗੁਰਦੀਪ ਕਸ਼ਯਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕਾਰ ‘ਚ ਜਾ ਰਹੇ ਸਨ, ਜਿਸ ਦੌਰਾਨ ਉਹਨਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ‘ਚ ਜਾ ਡਿੱਗੀ।

Sukhjeet Grewal

ਜਦੋਂ ਪੁਲਿਸ ਮੌਕੇ ‘ਤੇ ਪੁੱਜੀ ਤਾਂ ਕਾਰ ‘ਚੋਂ ਪੁਲਿਸ ਨੇ ਨੌਜਵਾਨ ਗੁਰਦੀਪ ਦੀ ਮ੍ਰਿਤਕ ਦੇਹ ਤਾਂ ਬਰਾਮਦ ਕਰ ਲਈ ਪਰ ਸੁਖਜੀਤ ਲਾਪਤਾ ਸੀ। ਸੁਖਜੀਤ ਦੀ ਭਾਲ ਲਈ ਨੈਸ਼ਨਲ ਫਾਈਵ ਸਕੁਏਅਰ ਦੀ ਮਦਦ ਲਈ ਗਈ। ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਨੇ ਸੁਖਜੀਤ ਗਰੇਵਾਲ ਦੀ ਮ੍ਰਿਤਕ ਦੇਹ ਨੂੰ 500 ਮੀਟਰ ਦੀ ਦੂਰੀ ਤੋਂ ਬਰਾਮਦ ਕੀਤਾ।

ਸੁਖਜੀਤ ਗਰੇਵਾਲ ਦੇ ਕਰੀਬੀ ਦੋਸਤ ਰੋਹਿਤ ਵਸ਼ਿਸ਼ਟ ਨੇ ਦੱਸਿਆ ਕਿ ਉਹ ਹਾਦਸੇ ਦੀ ਖ਼ਬਰ ਤੋਂ ਬਹੁਤ ਦੁਖੀ ਹੈ। ਉਸ ਨੇ ਦੱਸਿਆ ਕਿ ਸੁਖਜੀਤ ਨੂੰ ਸੁੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਾਲ 2014 ਵਿਚ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ। ਰੋਹਿਤ ਵਸ਼ਿਸ਼ਟ ਦੀ ਗਰੇਵਾਲ ਨਾਲ ਆਖਰੀ ਵਾਰ ਗੱਲਬਾਤ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਹੋਈ ਸੀ। ਗਰੇਵਾਲ ਨੇ ਵਸ਼ਿਸ਼ਟ ਨੂੰ ਦੱਸਿਆ ਸੀ ਕਿ ਉਹ ਨਿਊਜ਼ੀਲੈਂਡ ਦੇ ਇੰਮੀਗ੍ਰੇਸ਼ਨ ਕਾਨੂੰਨਾਂ ਤੋਂ ਨਿਰਾਸ਼ ਸੀ ਤੇ ਉਹ ਕੁਝ ਹੀ ਮਹੀਨਿਆਂ ‘ਚ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ। ਉਸ ਨੂੰ ਉਮੀਦ ਸੀ ਕਿ ਉਹ ਕੈਨੇਡਾ ਜਾ ਕੇ ਖੇਤੀਬਾੜੀ ਦਾ ਕੰਮ ਕਰੇਗਾ।

Share this Article
Leave a comment