ਕੈਲੇਡਨ ਗੋਲੀਬਾਰੀ ਮਾਮਲੇ ’ਚ ਦੋ ਪੰਜਾਬੀ ਨੌਜਵਾਨਾਂ ਖਿਲਾਫ ਦੋਸ਼ ਆਇਦ

Prabhjot Kaur
2 Min Read

ਕੈਲੇਡਨ: ਕੈਨੇਡਾ ਦੇ ਕੈਲੇਡਨ ਸ਼ਹਿਰ ‘ਚ 30 ਸਤੰਬਰ ਨੂੰ ਸਵੇਰੇ ਲਗਭਗ 4 ਵਜੇ ਕੈਲੇਡਨ ਦੇ ਓਲਡ ਸਕੂਲ ਰੋਡ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸਰੀ ਵਾਸੀ 39 ਸਾਲਾ ਅਦਨਾਨ ਜੱਜਾ ਅਤੇ 25 ਸਾਲਾ ਨਵਜੋਤ ਸਿੰਘ ਵਜੋਂ ਹੋਈ ਹੈ। ਕੈਲੇਡਨ ਓਪੀਪੀ ਮੇਜਰ ਕਰਾਈਮ ਯੂਨਿਟ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਗਈ, ਜਿਸ ਵਿੱਚ ਕੈਲੇਡਨ ਕਮਿਊਨਿਟੀ ਸਟਰੀਟ ਕਰਾਈਮ ਯੂਨਿਟ, ਓਪੀਪੀ ਦੇ ਫੋਰੈਂਸਿਕ ਆਈਡੈਂਟੀਫਿਕੇਸ਼ ਸਰਵਿਸ, ਸੈਂਟਰਲ ਰੀਜਨਲ ਕੈਨਾਈਨ ਅਤੇ ਐਮਰਜੈਂਸੀ ਰਿਸਪੌਂਸ ਟੀਮ ਨੇ ਖਾਸ ਸਹਿਯੋਗ ਦਿੱਤਾ।

ਜਾਂਚ ਤੋਂ ਬਾਅਦ ਪੁਲਿਸ ਟੀਮਾਂ ਨੇ ਸਰੀ ਵਾਸੀ ਅਦਨਾਨ ਜੱਜਾ ਅਤੇ ਨਵਜੋਤ ਸਿੰਘ ਖਿਲਾਫ ਇਸ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। ਪੁਲਿਸ ਵੱਲੋਂ ਇਨ੍ਹਾਂ ਦੋਵਾਂ ‘ਤੇ ਬੰਦੂਕ ਦੀ ਨੋਕ ‘ਤੇ ਕਤਲ ਦੀ ਕੋਸ਼ਿਸ਼, ਹਮਲੇ ਦਾ ਯਤਨ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਰੱਖਣ ਸਣੇ ਵੱਖ-ਵੱਖ ਦੋਸ਼ ਲਾਏ ਗਏ। ਇਸ ਤੋਂ ਇਲਾਵਾ ਪੁਲਿਸ ਨੇ ਇਹ ਪੁਸ਼ਟੀ ਵੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਤੋਂ ਆਮ ਲੋਕਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਕੈਲੇਡਨ ਵਿੱਚ 30 ਸਤੰਬਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕੈਲੇਡਨ ਦੇ ਮੇਜਰ ਕਰਾਈਮ ਯੂਨਿਟ ਨਾਲ 1-888-310-1122 ਤੇ ਕਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਪੀਲ ਕਰਾਈਮ ਸਟੋਪਰਸ ਨਾਲ 1-800-222-ਟਿਪਸ-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਲਈ ਇਹ ਸਲਾਹ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਅਪਰਾਧਿਕ ਘਟਨਾ ਬਾਰੇ ਕੋਈ ਵੀ ਸਬੂਤ ਜਾਂ ਕੋਈ ਹੋਰ ਸੂਚਨਾ ਮੁਹੱਈਆ ਕਰਵਾਉਂਦਾ ਹੈ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਉਸ ਨੂੰ ਕਦੇ ਵੀ ਗਵਾਹੀ ਦੇਣ ਲਈ ਵੀ ਨਹੀਂ ਸੱਦਿਆ ਜਾਂਦਾ ਹੈ। ਜੇਕਰ ਕੋਈ ਕਿਸੇ ਅਪਰਾਧਕ ਵਿਅਕਤੀ ਦੀ ਗ੍ਰਿਫਤਾਰੀ ਕਰਾਉਣ ਵਿੱਚ ਪੁਲਿਸ ਦੀ ਮਦਦ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਇਨਾਮ ਵਜੋਂ 2 ਹਜ਼ਾਰ ਡਾਲਰ ਵੀ ਦਿੱਤੇ ਜਾਂਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment