ਵਾਸ਼ਿੰਗਟਨ : ਬੀਤੇ ਦਿਨ ਅਮਰੀਕਾ ਦੇ ਅਲਾਸਕਾ ‘ਚ ਦੋ ਹਵਾਈ ਜਹਾਜ਼ਾਂ ਦੀ ਭਿਆਨਕ ਟੱਕਰ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਲਡੋਂਟਾ ਸ਼ਹਿਰ ਤੋਂ ਕੁਝ ਕਿੱਲੋਮੀਟਰ ਦੂਰ ਵਾਪਰਿਆ। ਜਾਣਕਾਰੀ ਮੁਤਾਬਿਕ ਦੋ ਛੋਟੇ ਜਹਾਜ਼ਾਂ ਦੀ ਹਵਾ ‘ਚ ਟੱਕਰ ਹੋ ਗਈ। ਹਾਦਸੇ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਨਿਊਯਾਰਕ ਟਾਈਮਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਦੋਵੇਂ ਏਅਰਕ੍ਰਾਫਟ ਸਿੰਗਲ ਇੰਜਣ ਵਾਲੇ ਸੀ। ਇਨ੍ਹਾਂ ਵਿਚੋਂ ਇਕ ਹੈਵਿਲਲੈਂਡ ਡੀਐੱਚਸੀ-2 ਬੀਵਰ ਤੇ ਦੂਸਰਾ ਪਾਈਪਰ-ਪੀ12 ਸੀ। ਦੋਵਾਂ ਹੀ ਜਹਾਜ਼ਾਂ ਨੇ ਸੋਲਡੋਂਟਾ ਏਅਰਪੋਰਟ ਤੋਂ ਉਡਾਨ ਭਰੀ ਸੀ। ਐਂਕੋਰੇਜ ਸ਼ਹਿਰ ਤੋਂ ਕਰੀਬ 150 ਕਿੱਲੋਮੀਟਰ ਦੂਰ ਹਵਾ ‘ਚ ਇਹ ਆਪਸ ‘ਚ ਟਕਰਾ ਗਏ। ਫਿਲਹਾਲ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਰੇ ਗਏ ਲੋਕਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇੱਕ ਸਟੇਟ ਅਸੈਂਬਲੀ ਮੈਂਬਰ ਗੈਰੀ ਨੋਪੇ ਵੀ ਸ਼ਾਮਲ ਹਨ।
ਗੈਰੀ ਨੋਪੇ ਦੀ ਪਤਨੀ ਨੇ ਕਿਹਾ ਕਿ ਉਹ ਸ਼ੁੱਕਰਵਾਰ ਸਵੇਰੇ ਅਪਣਾ ਜਹਾਜ਼ ਉਡਾ ਰਹੇ ਸੀ। ਅਲਾਸਕਾ ਦੇ ਗਵਰਨਰ ਮਾਈਕ ਨੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਨੋਪੇ ਦੇ ਸਨਮਾਨ ਵਿਚ ਅਮਰੀਕੀ ਝੰਡਾ ਅਤੇ ਅਲਾਸਕਾ ਸੂਬੇ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਹੈ। ਅਲਾਸਕ ਦੇ ਕਈ ਨੇਤਾਵਾਂ ਨੇ ਨੋਪੇ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।