ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ ਦੋ ਹੋਰ ਦੋਸ਼ੀ ਕਰਾਰ, ਬੇਰਹਿਮੀ ਨਾਲ ਮਾਰ-ਮਾਰ ਕੇ ਕੱਢ ਦਿੱਤਾ ਸੀ ਦਿਮਾਗ ਬਾਹਰ

Global Team
2 Min Read

ਨਿਊਜ਼ ਡੈਸਕ: ਯੂ.ਕੇ. ਵਿੱਚ 23 ਸਾਲ ਦੇ ਅਰਮਾਨ ਸਿੰਘ ਨੂੰ ਦਿਨ-ਦਿਹਾੜੇ ਕਤਲ ਕਰਨ ਦੇ ਮਾਮਲੇ ਵਿੱਚ 7 ਲੋਕ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ। ਮਹਿਕਦੀਪ ਸਿੰਘ ਅਤੇ ਸਹਿਜਪਾਲ ਸਿੰਘ ਨੂੰ ਹਾਲ ਹੀ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦਕਿ ਅਰਸ਼ਦੀਪ, ਜਗਦੀਪ, ਸ਼ਿਵਦੀਪ ਅਤੇ ਮਨਜੋਤ ਨੂੰ ਪਹਿਲਾਂ ਹੀ 28-28 ਸਾਲ ਦੀ ਸਜ਼ਾ ਮਿਲੀ ਸੀ ਤੇ ਸੁਖਮਨਦੀਪ ਨੂੰ ਹਮਲੇ ਵਿੱਚ ਮਦਦ ਕਰਨ ਲਈ 10 ਸਾਲ ਦੀ ਕੈਦ ਮਿਲੀ।

21 ਅਗਸਤ 2023 ਨੂੰ, ਸ਼ਰੂਜ਼ਬਰੀ, ਵੈਸਟ ਇੰਗਲੈਂਡ ਵਿੱਚ, ਅਰਮਾਨ ਸਿੰਘ ਆਪਣੀ ਡਿਲੀਵਰੀ ਦੀ ਨੌਕਰੀ ਦੌਰਾਨ 8 ਨਕਾਬਪੋਸ਼ ਹਮਲਾਵਰਾਂ ਦੇ ਘੇਰੇ ਵਿੱਚ ਆ ਗਿਆ। ਉਨ੍ਹਾਂ ਨੇ ਕੁਹਾੜੀ, ਹਾਕੀ, ਲੋਹੇ ਦੀ ਰੌਡ ਅਤੇ ਛੁਰਿਆਂ ਨਾਲ ਹਮਲਾ ਕੀਤਾ। ਅਰਮਾਨ ਦੇ ਸਿਰ ਉੱਤੇ ਐਨੇ ਵਾਰ ਕੀਤੇ ਗਏ ਕਿ ਉਸ ਦਾ ਦਿਮਾਗ ਬਾਹਰ ਆ ਗਿਆ, ਅਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਪੋਸਟਮਾਰਟਮ ਰਿਪੋਰਟ ਦੱਸਦੀ ਹੈ ਕਿ ਉਸ ਦੇ ਸਿਰ ਵਿੱਚ ਕਈ ਫ੍ਰੈਕਚਰ, ਲੋਹੇ ਦੀ ਰੌਡ ਅਤੇ ਹਾਕੀ ਨਾਲ ਗੰਭੀਰ ਚੋਟਾਂ ਸਨ।

Arman Singh

ਦੋਸ਼ੀਆਂ ਦੀ ਫਰਾਰ ਦੀ ਕੋਸ਼ਿਸ਼

ਹਮਲੇ ਤੋਂ ਬਾਅਦ, ਦੋਸ਼ੀ ਗੱਡੀਆਂ ਵਿੱਚ ਫਰਾਰ ਹੋ ਗਏ ਅਤੇ ਵਰਤੇ ਹਥਿਆਰ ਹਬਰਟ ਵੇਅ ਨੇੜੇ ਸੁੱਟ ਦਿੱਤੇ। ਮਹਿਕਦੀਪ ਅਤੇ ਸਹਿਜਪਾਲ ਨੇ ਮਰਸਡੀਜ਼ ਕਾਰ ਛੱਡ ਦਿੱਤੀ ਅਤੇ ਟੈਕਸੀ ਰਾਹੀਂ ਸ਼ਰੂਜ਼ਬਰੀ ਰੇਲਵੇ ਸਟੇਸ਼ਨ ਤੱਕ ਪਹੁੰਚੇ, ਜਿੱਥੋਂ ਉਹ ਵੂਲਵਰਹੈਂਪਟਨ ਜਾ ਰਹੀ ਟ੍ਰੇਨ ਵਿੱਚ ਚੜ੍ਹ ਗਏ। ਬਾਅਦ ਵਿੱਚ ਉਨ੍ਹਾਂ ਦੇ ਆਸਟਰੀਆ ਭੱਜਣ ਦੀ ਸੰਭਾਵਨਾ ਵੀ ਜਤਾਈ ਗਈ।

ਪੁਲਿਸ ਅਤੇ ਪਰਿਵਾਰ ਦੀ ਪ੍ਰਤੀਕਿਰਿਆ

ਵੈਸਟ ਮਰਸੀਆ ਪੁਲਿਸ ਅਜੇ ਵੀ ਕਤਲ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਵਿਸ਼ਵਾਸ ਹੈ ਕਿ ਦੋਸ਼ੀ ਪਹਿਲਾਂ ਹੀ ਅਰਮਾਨ ਨੂੰ ਜਾਣਦੇ ਸਨ, ਪਰ ਕਤਲ ਪਿੱਛੇ ਲੁੱਟ ਜਾਂ ਹੋਰ ਕੋਈ ਵਜ੍ਹਾ ਨਹੀਂ ਸੀ।

ਅਰਮਾਨ ਸਿੰਘ ਦੇ ਪਰਿਵਾਰ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, “ਇੱਕ ਮਾਂ ਹੁਣ ਆਪਣੇ ਪੁੱਤ ਤੋਂ ਬਿਨਾ ਰਹੇਗੀ, ਇੱਕ ਭੈਣ ਆਪਣੇ ਭਰਾ ਤੋਂ”। ਉਨ੍ਹਾਂ ਨੇ ਪੁਲਿਸ ਦੀ ਜਾਂਚ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਦੋਸ਼ੀਆਂ ਨੂੰ ਤਗੜੀ ਸਜ਼ਾ ਮਿਲੇਗੀ।

Share This Article
Leave a Comment