ਸਾਬਕਾ ਮੰਤਰੀ ਸਿੱਧੂ ਦੇ ਗੋਦ ਲੈਣ ਲਈ ਐਲਾਨੇ ‘ਬੰਗਾਲ ਸ਼ੇਰਾਂ’ ਦੇ ਜੋੜੇ ਨੇ ਦਿੱਤਾ ਦੋ ਬੱਚਿਆਂ ਨੂੰ ਜਨਮ

TeamGlobalPunjab
3 Min Read

ਚੰਡੀਗੜ੍ਹ (ਬਿੰਦੂ ਸਿੰਘ): ਸਾਰਾ ਵਿਸ਼ਵ ਤੇ ਇਸ ਵੇਲੇ ਸਾਡਾ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਥੱਲੇ ਆਇਆ ਹੋਇਆ ਹੈ। ਚਿੰਤਾ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਮਨੁੱਖਾਂ ਦੇ ਨਾਲ ਹੁਣ ਜਾਨਵਰ ਵੀ ਇਸ ਵਾਇਰਸ ਦੀ ਚਪੇਟ ਵਿੱਚ ਆ ਰਹੇ ਹਨ। ਮਿਲੀਆਂ ਖਬਰਾਂ ਮੁਤਾਬਕ ਹੈਦਰਾਬਾਦ ਤੇ ਇਟਾਵਾ ਦੇ ਚਿੜੀਆਘਰਾਂ ਵਿੱਚ ਮਾਂਸਾਹਾਰੀ ਬਿੱਲੀ ਪ੍ਰਜਾਤੀ ਦੇ ਜਾਨਵਰ ਵੀ ਕੋਰੋਨਾ ਪਾਜ਼ਿਟਿਵ ਮਿਲੇ ਹਨ।

ਇਸ ਮੌਜੂਦਾ ਮਹੌਲ ‘ਚ ਚੰਡੀਗੜ੍ਹ ਨਜਦੀਕ ਛੱਤਬੀੜ ਚਿੜੀਆਘਰ ਤੋਂ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ‘ਦੀਆ’ ਨਾਮ ਦੀ ਸਫੈਦ ਸ਼ੇਰਨੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਬੰਗਾਲ ਟਾਈਗਰ ਨਸਲ ਦੇ ਦੋ ਬੱਚਿਆ ਨੂੰ ਜਨਮ ਦਿੱਤਾ ਹੈ। ਛੱਤਬੀੜ ਵਿੱਚ ਹੀ ਜੰਮੀ ਸਫੈਦ ਨਸਲ ਦੀ ਸ਼ੇਰਨੀ ‘ਦੀਆ’ ਦੀ ਉਮਰ ਅੱਠ ਸਾਲ ਦੀ ਹੈ। ‘ਅਮਨ’ ਨਾਮ ਦਾ ਸ਼ੇਰ 9 ਸਾਲਾਂ ਦਾ ਹੈ ਅਤੇ ਇਹ ਦੋਨੋਂ ਹੀ ਚਿੜੀਆਘਰ ਦਾ ਮਸ਼ਹੂਰ ਜੋੜਾ ਮੰਨਿਆ ਜਾਂਦਾ ਹੈ।

ਦੱਸ ਦੇਈਏ ਕਿ ‘ਦੀਆ ਤੇ ਅਮਨ’ ਬੰਗਾਲ ਟਾਈਗਰ ਪ੍ਰਜਾਤੀ ਦਾ ਉਹੀ ਜੋੜਾ ਹੈ ਜਿਸ ਨੂੰ ਸਾਬਕਾ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚਿੜੀਆਘਰ ਦੇ ਵਿਸਥਾਰ ਲਈ ਸ਼ੁਰੂ ਕੀਤੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਦੌਰੇ ਦੌਰਾਨ ਜਨਵਰੀ 2018 ‘ਚ ‘ਗੋਦ’ ਲੈਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਚੌਣ ਜਾਬਤਾ ਲੱਗਣ ਕਾਰਨ ਇਹ ਗੱਲ ਵਿੱਚ ਹੀ ਲਟਕ ਗਈ ਸੀ। ਇਸ ਤੋਂ ਪਹਿਲਾਂ ਵੀ ਸਾਲ 2019 ਚ ‘ਦੀਆ’ ਨੇ ਤਿੰਨ ਬੱਚਿਆ ਨੂੰ ਜਨਮ ਦਿੱਤਾ ਸੀ।

ਛੱਤਬੀੜ ਦੇ ਡਾਇਰੈਕਟਰ ਤੇ ਆਈਐਫਐਸ ਅਧਿਕਾਰੀ ਨਰੇਸ਼ ਮਹਾਜਨ ਨੇ ਦੱਸਿਆ ਕਿ ਸ਼ੇਰਨੀ ਤੇ ਉਸ ਦੇ ਦੋਨੋ ਬੱਚੇ ਬਿਲਕੁਲ ਸਿਹਤਮੰਦ ਹਨ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਇਸ਼ਾਂਤ ਵਿੱਚ ਰੱਖਿਆ ਗਿਆ ਹੈ। ਉਹਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਾ ਦੇ ਨਾਲ ਹੀ ਕੀਤੀ ਜਾ ਰਹੀ ਹੈ ਤੇ ਸਿਰਫ ਉਹਨਾਂ ਦੀ ਦੇਖਭਾਲ ਕਰਨ ਵਾਲਾ ਕਰਮਚਾਰੀ ਜਾਂ ਲੋੜ ਪੈਣ ‘ਤੇ ਡਾਕਟਰ ਮੁਆਇਨੇ ਲਈ ਕੋਲ ਜਾਂਦੇ ਹਨ।

- Advertisement -

ਮਹਾਜਨ ਨੇ ਦੱਸਿਆ ਪਰ ਦੂਜੇ ਪਾਸੇ ਇਕ ਹੋਰ 18 ਮਹੀਨੇ ਦੀ ਸ਼ੇਰਨੀ ਦੀ 9 ਮਈ ਦੀ ਦੁਪਹਿਰ ਨੂੰ ਅਚਾਨਕ ਮੌਤ ਹੋ ਗਈ ਹੈ। ਮੌਜੂਦਾ ਮਹੌਲ ਦੇ ਚਲਦਿਆਂ ਛੱਤਬੀੜ ਅਧਿਕਾਰੀਆਂ ਨੇ ਮ੍ਰਿਤਕ ਸ਼ੇਰਨੀ ਦਾ ਲੁਧਿਆਣਾ ਦੇ ਸਰਕਾਰੀ ਪਸ਼ੂ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਪਰ ਮਾਹਿਰਾਂ ਦੀ ਰਿਪੋਰਟ ਮੁਤਾਬਕ ਇਸ ਦੀ ਮੌਤ ਕੁਦਰਤੀ ਹੋਈ ਹੈ। ਇਸ 18 ਮਹੀਨੇ ਦੀ ਮ੍ਰਿਤਕ ਸ਼ੇਰਨੀ ਦੇ ਕੋਵਿਡ 19 ਤੇ ਸਾਰਸ ਕੋਵ 2 ਦੇ ਟੈਸਟਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ।

ਚਿੜੀਆਘਰ ਦੇ ਬਿੱਲੀ ਪ੍ਰਜਾਤੀ ਦੇ ਜਾਨਵਰਾਂ ਦੇ ਵੀ ਕੋਰੋਨਾਂ ਟੈਸਟ ਰਿਪੋਰਟਾਂ ਨੈਗੇਟਿਵ ਹੀ ਆਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਮਹੀਨੇ ਦੀ 11 ਤਰੀਕ ਨੂੰ ਚਿੜੀਆਘਰ ਦੇ ਸਟਾਫ ਲਈ ਇਕ ਕੈਂਪ ਲਾਇਆ ਗਿਆ ਜਿਸ ਚ 219 ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਹੋਇਆ ਤੇ ਸਭ ਦੀਆਂ ਰਿਪੋਰਟਰਾਂ ਨੈਗੇਟਿਵ ਹਨ। ਮਹਾਜਨ ਨੇ ਕਿਹਾ ਜਾਨਵਰਾਂ ਦੀ ਦੇਖਭਾਲ ‘ਚ ਤੈਨਾਤ ਕਰਮਚਾਰੀਆਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਦੋਜ਼ ਲਗਵਾ ਦਿੱਤੀ ਗਈ ਹੈ ਅਤੇ ਦੂਜੇ ਟੀਕੇ ਵਾਸਤੇ ਤੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਟੀਕਾਕਰਨ ਲਈ ਵੀ ਕੈਂਪ ਲਗਾਇਆ ਜਾਵੇਗਾ।

Share this Article
Leave a comment