ਸਾਬਕਾ ਏਡੀਜੀਪੀ ਦੀ ਗੁੰਡਾਗਰਦੀ ਤੋਂ ਬਜ਼ੁਰਗ ਕਿਸਾਨ ਬੇਹੱਦ ਪਰੇਸ਼ਾਨ

TeamGlobalPunjab
3 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਨੇੜਲੇ ਪਿੰਡ ਨਵਾਂ ਗਰਾਉਂ ਵਿਚ 7 ਏਕੜ ਜ਼ਮੀਨ ਉੱਤੇ ਸਾਬਕਾ ਪੁਲੀਸ ਅਧਿਕਾਰੀ ਸੰਜੀਵ ਗੁਪਤਾ ਆਪਣੇ ਗੁੰਡਿਆਂ ਨੂੰ ਲੈ ਕੇ ਨਾਜਾਇਜ਼ ਕਬਜ਼ੇ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕਿਆ ਹੈ। ਜਿਸ ਬਾਰੇ ਸਥਾਨਕ ਪੁਲੀਸ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਪੁਲੀਸ ਇਸ ਮਾਮਲੇ ਵਿਚ ਸੰਜੀਵ ਗੁਪਤਾ ਖ਼ਿਲਾਫ਼ ਕੁਝ ਵੀ ਨਹੀਂ ਕਰ ਰਹੀ।

ਨਾਜਾਇਜ਼ ਕਬਜ਼ੇ ਦੀ ਇਸ ਕਾਰਵਾਈ ਖ਼ਿਲਾਫ਼ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਂ ਗਰਾਉਂ ਦੇ ਕਿਸਾਨ ਗਰਜਾ ਸਿੰਘ ਨੇ ਦੱਸਿਆ ਕਿ ਉਸ ਦੀ 7 ਏਕੜ ਜ਼ਮੀਨ ਖਸਰਾ ਨੰਬਰ 232/1/2 ਵਿਕਾਸ ਨਗਰ ਵਿੱਚ ਹੈ। ਜਿਸ ਦੀ ਕੀਮਤ ਤੋਂ 50 ਕਰੋੜ ਰੁਪਏ ਤੋਂ ਵਧੇਰੇ ਹੈ। ਪਰ ਖਾਕੀ ਦੇ ਰੋਅਬ ਕਾਰਨ ਸੰਜੀਵ ਗੁਪਤਾ ਇਸ ਜ਼ਮੀਨ ਨੂੰ ਹੜੱਪਣ ਦੀ ਵਾਰ ਵਾਰ ਕੋਸ਼ਿਸ਼ ਕਰ ਰਿਹਾ ਹੈ । ਇਸ ਜ਼ਮੀਨ ਦੀ ਤਕਸੀਮ ਹਲਕੇ ਦੇ ਕਾਨੂੰਨਗੋ ਅਤੇ ਪਟਵਾਰੀ ਨੇ ਮੇਰੇ ਹੱਕ ਵਿਚ ਕੀਤੀ ਹੈ ਜੋ ਕਿ ਅਦਾਲਤ ਵਿਚ ਪੇਸ਼ ਹੋ ਚੁੱਕੀ ਹੈ।ਇਸ ਜ਼ਮੀਨ ਦਾ ਕੇਸ ਪਹਿਲਾਂ ਵੀ ਉਹ ਐੱਸਡੀਐੱਮ ਤੋਂ ਲੈਕੇ ਐਫ ਸੀ. ਆਰ. ਦੀ ਅਦਾਲਤ ਵਿੱਚੋਂ ਜਿੱਤ ਚੁੱਕਿਆ ਹੈ, ਪਰ 100 ਏਕੜ ਦਾ ਵੱਡਾ ਖਸਰਾ ਨੰਬਰ ਹੋਣ ਕਾਰਨ ਸੰਜੀਵ ਗੁਪਤਾ ਮੇਰੀ ਜ਼ਮੀਨ ਉੱਤੇ ਆਪਣਾ ਹੱਕ ਨਾਜਾਇਜ਼ ਢੰਗ ਨਾਲ ਜਤਾਉਣ ਦੀ ਕੋਸ਼ਿਸ਼ ਕਰਦਾ ਹੈ। ਗਰਜਾ ਸਿੰਘ ਨੇ ਦੋਸ਼ ਲਗਾਇਆ ਕਿ ਉਹ ਉਸ ਦੀ ਜ਼ਮੀਨ ਉੱਤੇ ਨਾਜਾਇਜ਼ ਕਾਲੋਨੀ ਕੱਟਣਾ ਚਾਹੁੰਦੇ ਹਨ ਜਿਸ ਦੇ ਜਾਅਲੀ ਨਕਸ਼ੇ ਵੀ ਬਣਾ ਰੱਖੇ ਹਨ।

ਗਰਜਾ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਮਾਮਲਾ ਉੱਚ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਉਸ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਸੰਜੀਵ ਗੁਪਤਾ ਸੁਪਰੀਮ ਕੋਰਟ ਤਕ ਵੀ ਕੇਸ ਹਾਰ ਗਿਆ ਹੈ । ਫਿਰ ਵੀ ਉਹ ਗੁੰਡਾਗਰਦੀ ਵਿਖਾਉਣ ਤੋਂ ਨਹੀਂ ਹਟ ਰਿਹਾ। ਗਰਜਾ ਸਿੰਘ ਨੇ ਕਿਹਾ ਕਿ ਸੰਜੀਵ ਗੁਪਤਾ ਉਸ ਦੇ ਪਰਿਵਾਰ ਦਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਜਿਸ ਕਾਰਨ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪੁਲੀਸ ਮੁਖੀ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਗੁੰਡਾਗਰਦੀ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਯੂਨਾਈਟਿਡ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਪਹਿਲਾਂ ਭ੍ਰਿਸ਼ਟ ਪੁਲੀਸ ਅਧਿਕਾਰੀਆਂ ਨੂੰ ਨੱਥ ਪਾਈ ਜਾਵੇ।

- Advertisement -

ਇਸ ਮਾਮਲੇ ਤੇ ਸਾਬਕਾ ਪੁਲੀਸ ਅਧਿਕਾਰੀ ਸੰਜੀਵ ਗੁਪਤਾ ਦੀ ਤਰਫੋਂ ਐਡਵੋਕੇਟ ਨਿਹਾਰਕਾ ਨੇ ਕਿਹਾ ਕਿ ਜੋ ਗਰਜਾ ਸਿੰਘ ਨੇ ਸੰਜੀਵ ਗੁਪਤਾ ‘ਤੇ ਇਲਜ਼ਾਮ ਲਗਾਏ ਹਨ ਉਹ ਗਲਤ ਹਨ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਤਾਂ ਸੰਜੀਵ ਗੁਪਤਾ ਦੀ ਹੀ ਹੈ।

Share this Article
Leave a comment