ਟਵਿਸ਼ਾ ਸ਼ਰਮਾ ਮੌਤ ਮਾਮਲੇ ’ਚ CBI ਨੇ ਦਾਖ਼ਲ ਕੀਤੀ ਚਾਰਜਸ਼ੀਟ, ਜਾਣੋ ਜਾਂਚ ’ਚ ਕੀ ਸਾਹਮਣੇ ਆਇਆ

Global Team
3 Min Read

ਨਿਊਜ਼ ਡੈਸਕ: ਸਾਬਕਾ ਅਦਾਕਾਰਾ ਅਤੇ ਮਾਡਲ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ CBI ਨੇ ਉਸ ਦੇ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਹ 636 ਪੰਨਿਆਂ ਦੀ ਚਾਰਜਸ਼ੀਟ ਭੋਪਾਲ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਇਸ ਵਿੱਚ ਭਾਰਤੀ ਨਿਆਂ ਸੰਹਿਤਾ (BNS) ਅਤੇ ਦਾਜ਼ ਰੋਕੂ ਕਾਨੂੰਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਟਵਿਸ਼ਾ 12 ਮਈ ਨੂੰ ਭੋਪਾਲ ਸਥਿਤ ਆਪਣੇ ਸਹੁਰੇ ਪਰਿਵਾਰ ਦੇ ਘਰ ਵਿੱਚ ਮ੍ਰਿਤਕ ਮਿਲੀ ਸੀ। ਮਾਮਲੇ ਦੀ ਜਾਂਚ CBI ਵੱਲੋਂ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਉਸ ਦੇ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਵੱਲੋਂ ਦੋਵਾਂ ’ਤੇ ਮਾਨਸਿਕ ਤੌਰ ’ਤੇ ਤੰਗ ਕਰਨ, ਸਰੀਰਕ ਹਿੰਸਾ ਅਤੇ ਦਾਜ਼ ਨਾਲ ਸਬੰਧਤ ਪਰੇਸ਼ਾਨੀ ਦੇ ਦੋਸ਼ ਲਗਾਏ ਗਏ ਸਨ।

CBI ਨੇ ਮੌਤ ਨੂੰ ਖ਼ੁਦਕੁਸ਼ੀ ਮੰਨਿਆ

CBI ਦੀ ਜਾਂਚ ਮੁਤਾਬਕ ਟਵਿਸ਼ਾ ਦੀ ਮੌਤ ਨੂੰ ਖ਼ੁਦਕੁਸ਼ੀ ਮੰਨਿਆ ਗਿਆ ਹੈ। ਏਜੰਸੀ ਨੇ ਸਮਰਥ ਅਤੇ ਗਿਰੀਬਾਲਾ ’ਤੇ ਦਾਜ਼ ਦੀ ਮੰਗ ਅਤੇ ਟਵਿਸ਼ਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਸਮੇਤ ਗੰਭੀਰ ਦੋਸ਼ ਲਗਾਏ ਹਨ। ਦੋਵੇਂ ਮੁਲਜ਼ਮ 2 ਜੂਨ ਤੋਂ ਭੋਪਾਲ ਸੈਂਟਰਲ ਜੇਲ੍ਹ ਵਿੱਚ ਬੰਦ ਹਨ।

ਮਾਮਲੇ ਵਿੱਚ ਸਾਹਮਣੇ ਆਈ ਦੂਜੀ ਪੋਸਟਮਾਰਟਮ ਰਿਪੋਰਟ ਵੀ ਮੌਤ ਦੇ ਤਰੀਕੇ ਨੂੰ ਖ਼ੁਦਕੁਸ਼ੀ ਵੱਲ ਇਸ਼ਾਰਾ ਕਰਦੀ ਹੈ। ਇਸ ਤੋਂ ਪਹਿਲਾਂ AIIMS ਦਿੱਲੀ ਦੇ ਮੈਡੀਕਲ ਬੋਰਡ ਦੀ ਰਿਪੋਰਟ ਨੂੰ ਲੈ ਕੇ ਵੀ ਜਾਂਚ ਹੋਈ ਸੀ। CBI ਮੁਤਾਬਕ ਜਿਮਨਾਸਟਿਕ ਬੈਲਟ ’ਤੇ ਮਿਲੇ ਚਮੜੀ ਦੇ ਟਿਸ਼ੂ ਟਵਿਸ਼ਾ ਦੀ ਗਰਦਨ ’ਤੇ ਮਿਲੇ ਸੱਟਾਂ ਦੇ ਨਿਸ਼ਾਨਾਂ ਨਾਲ ਮੇਲ ਖਾਂਦੇ ਸਨ। ਕਥਿਤ ਤੌਰ ’ਤੇ ਇਸ ਬੈਲਟ ਦੀ ਵਰਤੋਂ ਫੰਦੇ ਵਜੋਂ ਕੀਤੀ ਗਈ ਸੀ।

ਟਵਿਸ਼ਾ ਦਾ ਦੋ ਵਾਰ ਹੋਇਆ ਪੋਸਟਮਾਰਟਮ

ਟਵਿਸ਼ਾ ਦੇ ਪਰਿਵਾਰ ਨੇ ਪਹਿਲੀ ਪੋਸਟਮਾਰਟਮ ਰਿਪੋਰਟ ’ਤੇ ਸਵਾਲ ਚੁੱਕੇ ਸਨ। ਪਰਿਵਾਰ ਨੇ ਜਾਂਚ ਵਿੱਚ ਤੱਥਾਂ ਨਾਲ ਛੇੜਛਾੜ ਦਾ ਦੋਸ਼ ਲਗਾਉਂਦਿਆਂ ਮੌਤ ਨੂੰ ਕਤਲ ਹੋਣ ਦਾ ਸ਼ੱਕ ਵੀ ਜਤਾਇਆ ਸੀ ਅਤੇ ਮੁੜ ਪੋਸਟਮਾਰਟਮ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਮੱਧ ਪ੍ਰਦੇਸ਼ ਹਾਈਕੋਰਟ ਦੇ ਨਿਰਦੇਸ਼ ’ਤੇ ਦਿੱਲੀ AIIMS ਦੇ ਡਾਕਟਰਾਂ ਦੀ ਟੀਮ ਨੇ 24 ਮਈ ਨੂੰ ਭੋਪਾਲ AIIMS ਵਿੱਚ ਟਵਿਸ਼ਾ ਦਾ ਦੂਜਾ ਪੋਸਟਮਾਰਟਮ ਕੀਤਾ। ਇਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਾਈਕੋਰਟ ਦੇ ਹੁਕਮ ਤੋਂ ਬਾਅਦ ਹੀ ਮਾਮਲੇ ਦੀ ਜਾਂਚ CBI ਨੂੰ ਸੌਂਪੀ ਗਈ ਸੀ।

ਡਿਜੀਟਲ ਸਬੂਤਾਂ ਦੀ ਵੀ ਜਾਂਚ

ਜਾਂਚ ਦੌਰਾਨ CBI ਨੇ ਸਮਰਥ ਸਿੰਘ ਅਤੇ ਗਿਰੀਬਾਲਾ ਦੇ ਵੌਇਸ ਸੈਂਪਲ ਲੈਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਮੁਲਜ਼ਮਾਂ ਨੇ ਇਸ ਪ੍ਰਕਿਰਿਆ ਨਾਲ ਸਬੰਧਤ CBI ਦੇ ਦਾਅਵਿਆਂ ਦਾ ਵਿਰੋਧ ਕੀਤਾ ਸੀ। ਬਚਾਅ ਪੱਖ ਨੇ ਸੈਂਪਲ ਲੈਣ ਦੌਰਾਨ ਅਧਿਕਾਰੀਆਂ ਦੇ ਰਵੱਈਏ ’ਤੇ ਵੀ ਅਦਾਲਤ ਵਿੱਚ ਇਤਰਾਜ਼ ਜਤਾਇਆ ਸੀ।

ਇਸ ਤੋਂ ਇਲਾਵਾ CBI ਨੇ ਘਟਨਾ ਤੋਂ ਬਾਅਦ ਸਮਰਥ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਹੋਰ ਡਿਜੀਟਲ ਸਬੂਤਾਂ ਦੀ ਵੀ ਜਾਂਚ ਕੀਤੀ।

ਹੁਣ 636 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ CBI ਵੱਲੋਂ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਦਾਜ਼ ਨਾਲ ਜੁੜੇ ਦੋਸ਼ਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾਵੇਗੀ। ਮਾਮਲੇ ਵਿੱਚ ਹੁਣ ਅਦਾਲਤ ਚਾਰਜਸ਼ੀਟ ਦੇ ਆਧਾਰ ’ਤੇ ਅਗਲੀ ਨਿਆਂਇਕ ਪ੍ਰਕਿਰਿਆ ਤੈਅ ਕਰੇਗੀ।

Share This Article
Leave a Comment