ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫਤਾਰ ਹੋਣ ਵਾਲੇ ਮਾਸਟਰ ਤਾਰਾ ਸਿੰਘ

TeamGlobalPunjab
6 Min Read

-ਅਵਤਾਰ ਸਿੰਘ

ਮਾਸਟਰ ਤਾਰਾ ਸਿੰਘ ਦਾ ਜਨਮ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿੱਚ ਗੋਪੀ ਚੰਦ ਦੇ ਘਰ 24 ਜੂਨ 1885 ਨੂੰ ਹੋਇਆ। ਬਚਪਨ ਵਿੱਚ ਉਨ੍ਹਾਂ ਦਾ ਨਾਂ ਨਾਨਕ ਚੰਦ ਸੀ। ਉਨ੍ਹਾਂ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। 1902 ਈਸਵੀ ਵਿੱਚ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਤੇ ਉਨ੍ਹਾਂ ਆਪ ਦਾ ਨਾਂ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖ ਦਿੱਤਾ ਗਿਆ।

1903 ਈ ‘ਚ ਉਨ੍ਹਾਂ ਨੇ ਮਿਸ਼ਨ ਸਕੂਲ ਰਾਵਲਪਿੰਡੀ ਤੋਂ ਮੈਟ੍ਰਿਕ ਤੇ 1907 ਈ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ ਅਤੇ ਬਾਅਦ ਵਿੱਚ ਟ੍ਰੇਨਿੰਗ ਕਾਲਜ ਤੋਂ ਬੀ.ਟੀ. ਪਾਸ ਕੀਤੀ। 15 ਮਈ,1908 ਨੂੰ ਉਹ ਖ਼ਾਲਸਾ ਹਾਈ ਸਕੂਲ ਲਾਇਲਪੁਰ ਦੇ ਹੈੱਡਮਾਸਟਰ ਨਿਯੁਕਤ ਹੋਏ ਤੇ ਫਿਰ ਉਹ ਚੱਕ 41 ਅਤੇ ਖ਼ਾਲਸਾ ਹਾਈ ਸਕੂਲ ਕੱਲਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਕੁਝ ਸਮਾਂ ਹੈੱਡਮਾਸਟਰ ਵੀ ਰਹੇ।

1920 ਈ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਅਤੇ 1921 ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉਪਰੰਤ ਸਕੂਲ ਤੋਂ ਛੁੱਟੀ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨਿਯੁਕਤ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ, 1920 ਨੂੰ ਹੋਈ ਪਰ ਜਦ 28 ਅਗਸਤ, 1921 ਦੇ ਦਿਨ ਨਵੀਂ ਚੋਣ ਵਿਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ।

- Advertisement -

7 ਨਵੰਬਰ,1921 ਤੋਂ ਬਾਅਦ ਦੁਪਹਿਰ ਤਿੰਨ ਵਜੇ ਪੁਲਿਸ, ਸੁੰਦਰ ਸਿੰਘ ਰਾਮਗੜ੍ਹੀਆਂ ਦੇ ਘਰ ਗਈ ਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ (ਖ਼ਜ਼ਾਨੇ) ਦੀਆਂ ਤੇ ਕੁੱਝ ਹੋਰ ਚਾਬੀਆਂ ਲੈ ਲਈਆਂ। ਸਰਕਾਰ ਨੇ ਐਲਾਨ ਕੀਤਾ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਇਸ ਕਰ ਕੇ ਚਾਬੀਆਂ ਲਈਆਂ ਗਈਆਂ ਹਨ।

ਇਸ ਹਰਕਤ ਨਾਲ ਸਿੱਖਾਂ ਵਿੱਚ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਫੈਲ ਗਈ। 11-12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇਕ ਮੀਟਿੰਗ ਅਕਾਲ ਤਖ਼ਤ ਸਾਹਿਬ ‘ਤੇ ਹੋਈ। ਜਿਸ ਵਿਚ ਫ਼ੈਸਲਾ ਹੋਇਆ ਕਿ ਬਹਾਦਰ ਸਿੰਘ ਨੂੰ ਗੁਰਦੁਆਰਾ ਪ੍ਰਬੰਧਾਂ ਵਿੱਚ ਦਖ਼ਲ ਨਾ ਦੇਣ ਦਿੱਤਾ ਜਾਏ।

ਅਖ਼ੀਰ ਸਰਕਾਰ ਨੇ ਵੀ ਹਥਿਆਰ ਸੁੱਟਣ ਦਾ ਫ਼ੈਸਲਾ ਕਰ ਲਿਆ। ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਨ੍ਹਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ। 6 ਦਸੰਬਰ, 1921 ਨੂੰ ਹੋਈ ਇਕ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤਕ ਵਾਪਸ ਨਾ ਲਵੇ ਜਦੋਂ ਤਕ ਸਰਕਾਰ ਇਸ ਸਬੰਧ ਵਿੱਚ ਗਿ੍ਫ਼ਤਾਰ ਕੀਤੇ ਆਗੂ ਰਿਹਾਅ ਨਹੀਂ ਕਰ ਦਿੰਦੀ। ਇਸ ‘ਤੇ 17 ਜਨਵਰੀ, ਨੂੰ 193 ‘ਚੋਂ 150 ਆਗੂ ਰਿਹਾਅ ਕਰ ਦਿੱਤੇ ਗਏ। ਮਾਸਟਰ ਜੀ ਨੂੰ ਪਹਿਲੀ ਵਾਰ 1921 ਵਿੱਚ ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੀ ਦੂਜੀ ਗ੍ਰਿਫ਼ਤਾਰੀ ਅਗਸਤ 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਹੋਈ।

ਜੁਲਾਈ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੁਆਰਾ ਗੱਦੀਓਂ ਲਾਹੁਣ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫ਼ਤਾਰ ਕਰ ਲਏ ਜਿਹਨਾਂ ’ਚ ਮਾਸਟਰ ਤਾਰਾ ਸਿੰਘ ਵੀ ਸਨ। 40 ਵਿਚੋਂ 23 ਲੀਡਰ 25 ਜਨਵਰੀ,1926 ਨੂੰ ਸ਼ਰਤਾਂ ਪ੍ਰਵਾਨ ਕਰ ਕੇ ਰਿਹਾਅ ਹੋ ਗਏ। ਜਿਹਨਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ ਸਨ, ਉਨ੍ਹਾਂ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠੀਕਰੀਵਾਲਾ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਪ੍ਰਮੁੱਖ ਸਨ। 17 ਜੁਲਾਈ, 1926 ਨੂੰ ਤੇਜਾ ਸਿੰਘ ਸਮੁੰਦਰੀ ਦੀ ਜੇਲ੍ਹ ਵਿੱਚ ਮੌਤ ਤੋਂ ਬਾਅਦ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ।

1926 ਵਿੱਚ ਗੁਰਦੁਆਰਾ ਐਕਟ ਅਨੁਸਾਰ ਚੋਣ ਵਿੱਚ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ। 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। 1929 ਵਿੱਚ ਨਹਿਰੂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਮਾਸਟਰ ਜੀ ਰਿਪੋਰਟ ਦੀ ਵਿਰੋਧਤਾ ਕਰਨ ਵਾਲਿਆਂ ਵਿੱਚੋਂ ਸਨ। 1935 ਵਿੱਚ ਮੁਸਲਮਾਨਾਂ ਨੇ ਜਦੋਂ ਸ਼ਹੀਦ ਗੰਜ ਐਜੀਟੇਸ਼ਨ ਕੀਤੀ ਤਾਂ ਮਾਸਟਰ ਜੀ ਨੇ ਇਸ ਦਾ ਵੀ ਡਟ ਕੇ ਵਿਰੋਧ ਕੀਤਾ। 17 ਮਈ,1946 ਨੂੰ ਕ੍ਰਿਪਸ ਮਿਸ਼ਨ ਨੇ ਸਿੱਖਾਂ ਵਿਰੁੱਧ ਫ਼ੈਸਲਾ ਦਿੱਤਾ ਅਤੇ 3 ਜੂਨ,1946 ਨੂੰ ਮਾਊਂਟਬੈਟਨ ਦੇ ਫ਼ੈਸਲੇ ਅਨੁਸਾਰ ਹਿੰਦ-ਪਾਕਿ ਵੰਡ ਹੋਈ। ਮਾਸਟਰ ਜੀ ਨੇ ਹਿੰਦੂ-ਸਿੱਖਾਂ ਨੂੰ ਬਚਾਉਣ ਲਈ ਅਣਥੱਕ ਯਤਨ ਕੀਤੇ।

- Advertisement -

15 ਅਗਸਤ,1947 ਨੂੰ ਦੇਸ਼ ਆਜ਼ਾਦ ਹੋ ਗਿਆ। ਮਾਸਟਰ ਤਾਰਾ ਸਿੰਘ ਨੇ 28 ਮਈ, 1948 ਨੂੰ ਤੇ ਦੂਜੀ ਵਾਰ 29 ਮਈ,1960 ਨੂੰ ਪੰਜਾਬੀ ਸੂਬੇ ਲਈ ਫਿਰ ਮੋਰਚਾ ਲਾਇਆ ਤੇ 15 ਅਗਸਤ,1961 ਨੂੰ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਿਆ ਜੋ ਉਨ੍ਹਾਂ 48 ਦਿਨਾਂ ਬਾਅਦ ਛੱਡ ਦਿੱਤਾ। ਇਸ ਤੋਂ ਬਾਅਦ ਮਾਸਟਰ ਜੀ ਦਾ ਸਿੱਖਾਂ ਵਿੱਚ ਪ੍ਰਭਾਵ ਘਟਣ ਲੱਗਾ। 1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਸੰਤ ਫਤਿਹ ਸਿੰਘ ਦੇ ਧੜੇ ਵਾਲੇ ਅਕਾਲੀ ਦਲ ਨੂੰ 100 ਤੇ ਮਾਸਟਰ ਤਾਰਾ ਸਿੰਘ ਨੂੰ 40 ਸੀਟਾਂ ਮਿਲੀਆਂ। ਮਾਸਟਰ ਜੀ ਨੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤਿਹ ਸਿੰਘ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਹੈ ਅਤੇ ਉਹ ਸਿਆਸਤ ਤੋਂ ਲਾਂਭੇ ਹੋ ਗਏ। ਨਵੰਬਰ 1966 ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ। ਮਾਸਟਰ ਤਾਰਾ ਸਿੰਘ ਦਾ ਦੇਹਾਂਤ 22 ਨਵੰਬਰ 1967 ਨੂੰ ਚੰਡੀਗੜ੍ਹ ਵਿੱਚ ਹੋ ਗਿਆ।

Share this Article
Leave a comment