ਸੀਰੀਆ : ਤੁਰਕੀ ਨੇ ਉੱਤਰੀ ਸੀਰੀਆ ‘ਚ ਬੀਤੇੇ ਕੱਲ੍ਹ ਯਾਨੀ ਸ਼ਨੀਵਾਰ ਨੂੰ ਇਕ ਘਾਤਕ ਡਰੋਨ ਹਮਲਾ ਕੀਤਾ ਹੈ। ਇਸ ਡਰੋਨ ਹਮਲੇ ‘ਚ ਅਮਰੀਕਾ ਦੇ ਚਾਰ ਲੜਾਕੇ ਮਾਰੇ ਗਏ ਹਨ। ਜਦਕਿ 11 ਨਾਗਰਿਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕੁਰਦ ਦੀ ਅਗਵਾਈ ਵਾਲੀ ਫੌਜ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਸਮਰਥਿਤ ਅਤੇ ਕੁਰਦ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐੱਸ. ਡੀ. ਐੱਫ.) ‘ਤੇ ਕੀਤੇ ਗਏ ਇਸ ਹਮਲੇ ਤੋਂ ਇਕ ਦਿਨ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਜੇਕਰ ਕੁਰਦ ਦੀ ਅਗਵਾਈ ਵਾਲੇ ਸਮੂਹ ਸਥਾਨਕ ਚੋਣਾਂ ਕਰਵਾਉਣ ਦੀ ਆਪਣੀ ਯੋਜਨਾ ‘ਤੇ ਅੱਗੇ ਵਧਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ।
ਅਮਰੀਕੀ ਲੜਾਕਿਆਂ ਦੀ ਮੌਤ ਕਾਰਨ ਵਾਸ਼ਿੰਗਟਨ ਵੀ ਹਰਕਤ ਵਿੱਚ ਆ ਗਿਆ ਹੈ। ਤੁਰਕੀ ਸਰਕਾਰ ਦਾ ਦੋਸ਼ ਹੈ ਕਿ ਇਨ੍ਹਾਂ ਸਮੂਹਾਂ ਦੇ ਤੁਰਕੀ ਵਿੱਚ ਪਾਬੰਦੀਸ਼ੁਦਾ ਕੁਰਦ ਅੱਤਵਾਦੀਆਂ ਨਾਲ ਸਬੰਧ ਹਨ। SDF ਨੇ ਕਿਹਾ ਕਿ ਡਰੋਨਾਂ ਨੇ ਕਮਿਸ਼ਲੀ ਅਤੇ ਇਸ ਦੇ ਆਲੇ-ਦੁਆਲੇ ਅੱਠ ਵਾਰ ਉਸਦੇ ਅਹਾਤੇ ਅਤੇ ਨਾਗਰਿਕ ਘਰਾਂ ਅਤੇ ਵਾਹਨਾਂ ‘ਤੇ ਹਮਲਾ ਕੀਤਾ। ਉੱਤਰੀ ਸੀਰੀਆ ਵਿੱਚ ਤੁਰਕੀ ਦੇ ਅਜਿਹੇ ਹਮਲੇ ਅਸਧਾਰਨ ਨਹੀਂ ਹਨ।
ਕੁਰਦਿਸ਼ ਰੈੱਡ ਕ੍ਰੀਸੈਂਟ ਨੇ ਕਿਹਾ ਕਿ ਤੁਰਕੀ ਨੇ ਆਪਣੀ ਇੱਕ ਐਂਬੂਲੈਂਸ ਨੂੰ ਵੀ ਨਿਸ਼ਾਨਾ ਬਣਾਇਆ ਕਿਉਂਕਿ ਇਸਦੇ ਪੈਰਾਮੈਡਿਕਸ ਨੇ ਹਮਲੇ ਵਾਲੇ ਖੇਤਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਮਲਾ ਕਮਿਸ਼ਲੀ ਦੇ ਪੱਛਮ ‘ਚ ਅਮੌਦਾ ਕਸਬੇ ਨੇੜੇ ਹੋਇਆ। ਤੁਰਕੀ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਸੀਰੀਆ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ‘ਤੇ ਕਬਜ਼ਾ ਕਰ ਰਹੇ ਕੁਰਦ ਦੀ ਅਗਵਾਈ ਵਾਲੇ ਖੁਦਮੁਖਤਿਆਰ ਪ੍ਰਸ਼ਾਸਨ ਨੇ 11 ਜੂਨ ਨੂੰ ਮਿਉਂਸਪਲ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।