ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਮੁਕੰਮਲ ਪਲੇਠਾ ਬਜਟ ਸੈਸ਼ਨ ਹੰਗਾਮਿਆਂ ਅਤੇ ਟਕਰਾ ਦੀ ਭੇਂਟ ਚੜ੍ਹਦਾ ਨਜ਼ਰ ਆ ਰਿਹਾ ਹੈ। ਉਂਞ ਤਾਂ ਪਹਿਲਾਂ ਹੀ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇਸ ਵਾਰ ਬਜਟ ਹੰਗਾਮਿਆਂ ਭਰਪੂਰ ਰਹੇਗਾ। ਜੋ ਕੁੱਝ ਵਾਪਰ ਰਿਹਾ ਹੈ, ਉਹ ਉਮੀਦ ਨਾਲੋਂ ਵੀ ਵਧੇਰੇ ਹੋ ਗਿਆ ਹੈ। ਮਿਸਾਲ ਵੱਜੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ਰਾਜਪਾਲ ਦੇ ਭਾਸ਼ਣ ਮੌਕੇ ਕੁੱਝ ਅਜਿਹਾ ਵਾਪਰਿਆ ਜੋ ਕਿ ਪੰਜਾਬ ਵਿਧਾਨ ਸਭਾ ਨੇ ਪਹਿਲਾਂ ਨਹੀਂ ਵੇਖਿਆ ਸੀ। ਰਾਜਪਾਲ ਆਪਣਾ ਭਾਸ਼ਣ ਵਿੱਚੇ ਛੱਡ ਕੇ ਵਿਰੋਧੀ ਧਿਰ ਨਾਲ ਉਲਝਦੇ ਹੋਏ ਨਜ਼ਰ ਆਏ। ਇਹ ਵੀ ਪਹਿਲੀ ਵਾਰ ਹੋਇਆ ਕਿ ਰਾਜਪਾਲ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਪਿਛਲੀਆਂ ਰਵਾਇਤਾਂ ਨੂੰ ਤੋੜਦੇ ਹੋਏ ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਆਪਣੀ ਨਸੀਹਤ ਵੀ ਦਿੱਤੀ। ਖ਼ੈਰ, ਉਸ ਤੋਂ ਬਾਅਦ ਵੀ ਸੈਸ਼ਨ ਦੀਆਂ ਘਟਨਾਵਾਂ ਇਹ ਦੱਸਦੀਆਂ ਹਨ ਕਿ ਲਗਾਤਾਰ ਸਦਨ ਅੰਦਰ ਟਕਰਾ ਦੀ ਸਥਿਤੀ ਬਣੀ ਹੋਈ ਹੈ। ਪਹਿਲਾਂ ਤਾਂ ਬੀਤੇ ਕਲ ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਸਦਨ ਅੰਦਰ ਜੋ ਬਹਿਸ ਹੋਈ, ਉਹ ਆਪਣੇ ਆਪ ਵਿੱਚ ਨੀਵੀਂ ਪੱਧਰ ਦੀ ਬਹਿਸ ਦੀ ਇੱਕ ਮਿਸਾਲ ਹੈ। ਇਹ ਠੀਕ ਹੈ ਕਿ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਵੱਲੋਂ ਹਰ ਮੁੱਦੇ ਉੱਪਰ ਆਪੋ-ਆਪਣਾ ਨਜ਼ਰੀਆ ਪੇਸ਼ ਕਰਨਾ ਹੁੰਦਾ ਹੈ ਪਰ ਫਿਰ ਵੀ ਸਦਨ ਦੇ ਵੱਡੇ ਆਗੂਆਂ ਤੋਂ ਭਾਸ਼ਾ ਦੀ ਮਰਿਆਦਾ ਅਤੇ ਸੰਜਮ ਦੀ ਇੱਕ ਉਮੀਦ ਰੱਖੀ ਜਾਂਦੀ ਹੈ। ਇਸ ਮਾਮਲੇ ਵਿੱਚ ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਪੀਕਰ ਵੱਲੋਂ ਨਵੇਂ ਚੁਣੇ ਗਏ ਵਿਧਾਇਕਾਂ ਲਈ ਇੱਕ ਟਰੇਨਿੰਗ ਕੈਂਪ ਵੀ ਲਗਾਇਆ ਗਿਆ। ਇਹ ਤਾਂ ਸਹੀ ਹੈ ਕਿ ਕੈਂਪ ਵਿੱਚ ਨਵੇਂ ਵਿਧਾਇਕਾਂ ਨੂੰ ਸਦਨ ਦੀ ਮਰਿਆਦਾ ਬਾਰੇ ਬਹੁਤ ਕੁੱਝ ਦੱਸਿਆ ਗਿਆ ਹੋਵੇਗਾ ਪਰ ਹੁਣ ਜਦੋਂ ਸਦਨ ਦੇ ਅੰਦਰ ਇਨ੍ਹਾਂ ਵਿਧਾਇਕਾਂ ਨੇ ਆਪਣੇ ਸੀਨੀਅਰ ਆਗੂਆਂ ਨੂੰ ਨੀਵੀਂ ਪੱਧਰ ਤੇ ਜਾ ਕੇ ਬਹਿਸ ਕਰਦੇ ਹੋਏ ਵੇਖਿਆ ਹੋਵੇਗਾ ਤਾਂ ਇਹ ਨਜ਼ਾਰਾ ਬਿਲਕੁਲ ਹੀ ਵੱਖਰਾ ਸੀ। ਹੁਣ ਇਹ ਫ਼ੈਸਲਾ ਕਰਨਾ ਵੀ ਔਖਾ ਹੈ ਕਿ ਨਵੇਂ ਚੁਣੇ ਗਏ ਵਿਧਾਇਕਾਂ ਲਈ ਕੈਂਪ ਲਗਾ ਕੇ ਦਿੱਤੀ ਗਈ ਟਰੇਨਿੰਗ ਵਧੇਰੇ ਅਹਿਮ ਹੈ ਜਾਂ ਚੱਲ ਰਹੇ ਸਦਨ ਅੰਦਰ ਸੀਨੀਅਰ ਆਗੂਆਂ ਦਾ ਇੱਕ-ਦੂਜੇ ਬਾਰੇ ਵਤੀਰਾ ਵਧੇਰੇ ਅਮਲੀ ਤਜਰਬੇ ਦੀ ਮਿਸਾਲ ਬਣੇਗਾ।
ਜੇਕਰ ਅੱਜ ਦੇ ਸੈਸ਼ਨ ਦੀ ਗੱਲ ਕਰ ਲਈ ਜਾਵੇ ਤਾਂ ਇਹ ਲੱਗਦਾ ਹੈ ਕਿ ਸਦਨ ਦੇ ਅੰਦਰ ਅਤੇ ਸਦਨ ਦੇ ਬਾਹਰ ਹੰਗਾਮੇ ਹੋ ਰਹੇ ਸਨ। ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਮੁੱਖ ਮੰਤਰੀ ਮਾਨ ਬੀਤੇ ਕਲ ਸਦਨ ਵਿੱਚ ਵਿਰੋਧੀ ਧਿਰ ਬਾਰੇ ਵਰਤੀ ਆਪਣੀ ਸਖ਼ਤ ਭਾਸ਼ਾ ਲਈ ਮੁਆਫ਼ੀ ਨਹੀਂ ਮੰਗਦੇ ਤਾਂ ਕਾਂਗਰਸ ਪਾਰਟੀ ਮੁੱਖ ਮੰਤਰੀ ਮਾਨ ਦੇ ਸਦਨ ਅੰਦਰ ਹੋਣ ਸਮੇਂ ਬਾਈਕਾਟ ਕਰੇਗੀ। ਜੇਕਰ ਮੁੱਖ ਮੰਤਰੀ ਸਦਨ ਵਿੱਚ ਹਾਜ਼ਰ ਨਹੀਂ ਹੋਵੇਗਾ ਤਾਂ ਕਾਂਗਰਸ ਸਦਨ ਦੀ ਬਹਿਸ ‘ਚ ਹਿੱਸਾ ਲਵੇਗੀ।
ਪੰਜਾਬ ਵਿਧਾਨ ਸਭਾ ਦੇ ਸਦਨ ਦੇ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਆਪਣੇ ਬੇਟੇ ਦੇ ਕਤਲ ਦਾ ਇਨਸਾਫ਼ ਲੈਣ ਲਈ ਧਰਨਾ ਦਿੱਤਾ ਗਿਆ। ਉਨ੍ਹਾਂ ਵੱਲੋਂ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਗਿਆ ਕਿ ਇੱਕ ਸਾਲ ਬੀਤਣ ਵਾਲਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਆਪਣੇ ਪੁੱਤ ਦੇ ਅਸਲ ਕਾਤਲਾਂ ਵਿਰੁੱਧ ਕਾਰਵਾਈ ਨਾ ਹੋਣ ਕਰ ਕੇ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਨਿਆਂ ਦਾ ਭਰੋਸਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਬਾਅਦ ਵਿੱਚ ਉਹ ਇਸ ਮੁੱਦੇ ਉੱਪਰ ਰਾਜਪਾਲ ਨੂੰ ਵੀ ਮਿਲੇ। ਕੇਵਲ ਇਨ੍ਹਾਂ ਹੀ ਨਹੀਂ ਸਗੋਂ ਅਕਾਲੀ ਦਲ ਵੱਲੋਂ ਵੀ ਵੱਖਰੇ ਤੌਰ ਤੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਰਾਜਪਾਲ ਕੋਲੋਂ ਪੰਜਾਬ ਦੀ ਆਬਕਾਰੀ ਨੀਤੀ ਬਾਰੇ ਵੀ ਪੰਜਾਬ ਦੇ ਰਾਜਪਾਲ ਨਾਲ ਗੱਲ ਕਰ ਕੇ ਜਾਂਚ ਦੀ ਮੰਗ ਕੀਤੀ ਗਈ। ਇਸ ਤਰਾਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਲਗਾਤਾਰ ਹੰਗਾਮਿਆਂ ਨਾਲ ਜੂਝਦਾ ਹੋਇਆ ਅੱਗੇ ਵਧ ਰਿਹਾ ਹੈ ਪਰ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਮੁੱਦਿਆਂ ਉੱਪਰ ਚੁਣੇ ਹੋਏ ਨੁਮਾਇੰਦੇ ਕਿੰਨੀ ਦਿਲਚਸਪੀ ਨਾਲ ਗੱਲ ਕਰਦੇ ਹਨ ?