ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-5)

TeamGlobalPunjab
6 Min Read

-ਅਵਤਾਰ ਸਿੰਘ

ਪਿੰਡ ਕਾਂਜੀਮਾਜਰਾ (ਹੁਣ ਪੰਜਾਬ ਯੂਨੀਵਰਸਿਟੀ ਕੈਂਪਸ, ਸੈਕਟਰ 14, ਚੰਡੀਗੜ੍ਹ)

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਪੰਜਵੇਂ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 14 (PU) ਹੇਠ ਆ ਚੁੱਕੇ ਪਿੰਡ ਕਾਂਜੀਮਾਜਰਾ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ।

*ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ 28 ਪਿੰਡਾਂ ਵਿੱਚ ਇੱਕ ਪਿੰਡ ਕਾਂਜੀਮਾਜਰਾ ਵੀ ਸੀ, ਜੋ ਪਹਿਲੇ ਉਠਾਲੇ ਵਿੱਚ ਉਜਾੜਿਆ ਗਿਆ। ਕਾਂਜੀਮਾਜਰਾ ਪਿੰਡ ਦੀ ਮਿੱਟੀ ਉਪਰ ਸੈਕਟਰ 14 ਕੱਟਿਆ ਗਿਆ ਜਿਥੇ ਪੰਜਾਬ ਯੂਨੀਵਰਸਿਟੀ ਬਣੀ ਹੋਈ ਹੈ। ਕਾਂਜੀਮਾਜਰੇ ਦੇ ਚੜਦੇ ਪਾਸੇ ਸਾਹਿਜਾਦਪੁਰ, ਛਿਪਦੇ ਪਾਸੇ ਸੈਣੀਮਾਜਰਾ, ਦੱਖਣ ਵੱਲ ਕੈਲੜ ਅਤੇ ਉੱਤਰ ਵੱਲ ਧਨਾਸ ਅਤੇ ਖੁੱਡਾ ਲਹੌਰਾ ਵੱਸਦੇ ਸਨ। ਧਨਾਸ ਅਤੇ ਖੁੱਡਾ ਲਹੌਰਾ ਹੁਣ ਵੀ ਵੱਸਦੇ ਹਨ ਪੰਤੂ ਸਾਹਿਜਾਦਪੁਰ, ਕੈਲੜ ਅਤੇ ਸੈਣੀਮਾਜਰਾ ਤਿੰਨੇ ਗੁਆਂਢੀ ਪਿੰਡ ਕਾਂਜੀਮਾਜਰਾ ਦੇ ਨਾਲ ਉਜੜ ਗਏ।

- Advertisement -

* ਕਾਂਜੀਮਾਜਰੇ ਉਪਰ ਬਣੀ ਪੰਜਾਬ ਯੂਨੀਵਰਸਿਟੀ ਦੁਨੀਆਂ ਵਿੱਚ ਮਸ਼ਹੂਰ ਯੂਨੀਵਰਸਿਟੀ ਹੈ। ਚੰਡੀਗੜ੍ਹ ਦਾ ਪੂਰਾ ਸੈਕਟਰ 14 ਇਸ ਯੂਨੀਵਰਸਿਟੀ ਦੇ ਥੱਲੇ ਹੈ ਅਤੇ ਇਸ ਦੇ ਨਾਲ ਸੈਕਟਰ 25 ਵਿੱਚ ਵੀ ਯੂਨੀਵਰਸਿਟੀ ਦਾ ਕੈਂਪ ਫੈਲਿਆ ਹੋਇਆ ਹੈ। ਪੰਜਾਬ ਯੂਨੀਵਰਸਿਟੀ ਦਾ ਗਾਂਧੀ ਭਵਨ, ਸਟੂਡੈਂਟ ਸੈਂਟਰ, ਲਾਇਬਰੇਰੀ ਅਤੇ ਵੱਖ ਵੱਖ ਵਿਭਾਗਾਂ ਦੇ ਬਲਾਕ ਅਤੇ ਖੁੱਲੇ ਹਰੇ ਭਰੇ ਮੈਦਾਨ ਬਣੇ ਹੋਏ ਹਨ। ਅਫਸਰਾਂ ਦੇ ਵਾਸਤੇ ਮਕਾਨ ਅਤੇ ਵਿਦਿਆਰਥੀਆਂ ਵਾਸਤੇ ਹੋਸਟਲ ਬਣੇ ਹੋਏ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਯੂਨੀਵਰਸਿਟੀ ਵਿੱਚ ਪੜਾਉਂਦੇ ਰਹੇ ਹਨ ਅਤੇ ਪੰਜਾਬੀਆਂ ਦਾ ਚਹੇਤਾ ਕਲਾਕਾਰ ਸਤਿੰਦਰ ਸਰਤਾਜ ਵੀ ਇਸ ਯੂਨੀਵਰਸਿਟੀ ਵਿੱਚ ਪੜਦਾ ਅਤੇ ਪੜਾਉਂਦਾ ਰਿਹਾ ਹੈ। ਪਰ ਇਹਨਾਂ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਕਿ ਪੰਜਾਬ ਯੂਨੀਵਰਸਿਟੀ ਦੇ ਹੇਠ ਕਾਂਜੀਮਾਜਰਾ ਦਬਿਆ ਹੋਇਆ ਹੈ ਕਿਉਂਕਿ ਇਸ ਵੇਲੇ ਯੂਨੀਵਰਸਿਟੀ ਦੇ ਕਿਸੇ ਬਲਾਕ, ਬਿਲਡਿੰਗ ਜਾਂ ਗੇਟ ਦਾ ਨਾਮ ਕਾਂਜੀਮਾਜਰਾ ਦੇ ਨਾਮ ਉਪਰ ਨਹੀਂ ਰੱਖਿਆ ਹੋਇਆ।

*ਭਾਵੇਂ ਕਾਂਜੀਮਾਜਰਾ ਅੱਜ ਖਤਮ ਹੋ ਚੁੱਕਾ ਹੈ ਪ੍ਰੰਤੂ ਯੂਨੀਵਰਸਿਟੀ ਦੇ ਕੈਂਪ ਅੰਦਰ ਇਸ ਪਿੰਡ ਦੇ ਪਿੱਪਲ, ਬਰੋਟੇ, ਪਿਲਖਣ ਅਤੇ ਅੰਬਾਂ ਦੇ ਦਰੱਖਤ ਅੱਜ ਵੀ ਦੇਖੇ ਜਾ ਸਕਦੇ ਹਨ। ਯੂਨੀਵਰਸਿਟੀ ਦੇ ਛਿਪਦੇ ਪਾਸੇ ਬਣੇ ਅਫਸਰਾਂ ਦੇ ਮਕਾਨਾਂ ਵਿੱਚ ਇੱਕ ਬਹੁਤ ਵੱਡਾ ਖੁੱਲਾ ਪਾਰਕ ਹੈ ਜਿਸ ਵਿੱਚ ਬਹੁਤ ਵੱਡੇ ਵੱਡੇ ਅੰਬਾਂ ਦੇ ਸੱਤ ਅੱਠ ਦਰੱਖਤ ਅੱਜ ਵੀ ਕਾਂਜੀਮਾਜਰੇ ਦਾ ਬਾਗ ਇਤਹਾਸ ਸਾਂਭੀ ਖੜੇ ਹਨ, ਇਥੇ ਇੱਕ ਖੂਹ ਵੀ ਹੈ ਜਿਸ ਤੇ ਗੋਲ ਚਾਰਦੀਵਾਰੀ ਉੱਚੀ ਕੀਤੀ ਹੋਈ ਹੈ ਅਤੇ ਲਗਭਗ ਪੂਰਿਆ ਜਾ ਚੁੱਕਾ ਹੈ। ਇਹਨਾਂ ਅੰਬਾਂ ਦੇ ਕੋਲ ਧਨਾਸ ਨੂੰ ਰਾਹ ਜਾਂਦਾ ਹੁੰਦਾ ਸੀ ਅਤੇ ਲੋਕ ਖੂਹ ਤੇ ਪਾਣੀ ਪੀਂਦੇ ਹੁੰਦੇ ਸੀ। ਡਾਇਰੈਕਟੋਰੇਟ ਸਪੋਰਟਸ ਦੇ ਸਾਹਮਣੇ ਇੱਕ ਬਿਲਡਿੰਗ ਵਿੱਚ ਇੱਕ ਬਹੁਤ ਵੱਡਾ ਅੰਬ ਅਤੇ ਉਸ ਦੇ ਨਾਲ ਦੀ ਬਿਲਡਿੰਗ ਵਿੱਚ ਗੇਟ ਕੋਲ ਬੜਾ ਵੱਡਾ ਬਰੋਟਾ ਕਾਂਜੀਮਾਜਰੇ ਦਾ ਜਿਉਂ ਦਾ ਤਿਉਂ ਖੜਾ ਹੈ। ਬੇਬੇ ਨਾਨਕੀ ਹਾਲ ਕੁੜੀਆਂ ਦਾ ਹੋਸਟਲ ਨੰ: 7 ਦੇ ਗੇਟ ਕੋਲ ਖੜੀ ਪਿਲਖਣ ਵੀ ਪੁਰਾਣੀ ਹੈ। ਇਸ ਦੇ ਸਾਹਮਣੇ ਬਣੇ ਮਕਾਨ ਨੰ: ਐਫ-18 ਦੇ ਗੇਟ ਕੋਲ ਖੜਾ ਪੁਰਾਤਨ ਬਰੋਟਾ ਵੀ ਕਾਂਜੀਮਾਜਰੇ ਦਾ ਹੈ। ਹੋਰ ਕਈ ਥਾਵਾਂ ਦੇ ਪੁਰਾਣੇ ਦਰੱਖਤ ਇਸ ਪਿੰਡ ਦੀ ਯਾਦ ਤਾਜਾ ਕਰਦੇ ਹਨ।

* ਕਾਂਜੀਮਾਜਰਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਵਿੱਚ ਲਗਭਗ 20 ਘਰ ਸਨ। ਇਸ ਪਿੰਡ ਦੀ ਹਦਬਸਤ ਨੰਬਰ 204 ਸੀ ਅਤੇ ਜਮੀਨ ਹੇਠ ਰਕਬਾ 224 ਏਕੜ ਸੀ। ਪਿੰਡ ਦੀ ਅਬਾਦੀ ਲਗਭਗ 200 ਸੀ। ਇਸ ਪਿੰਡ ਵਿੱਚ ਸਕੂਲ ਨਹੀਂ ਸੀ ਹੁੰਦਾ ਅਤੇ ਪੜਨ ਲਈ ਬੱਚੇ ਕੈਲੜ ਜਾਂਦੇ ਸਨ। ਕਾਂਜੀਮਾਜਰੇ ਵਿੱਚ ਤਿੰਨ ਹਲਟਾਂ ਵਾਲੇ ਖੂਹ ਸਨ ਅਤੇ ਪਾਣੀ ਜਿਆਦਾ ਡੂੰਘਾ ਨਹੀਂ ਸੀ। ਪਿੰਡ ਵਿੱਚ ਕੋਈ ਗੁਰਦੁਆਰਾ, ਮੰਦਰ, ਧਰਮਸ਼ਾਲਾ ਜਾਂ ਖੇੜਾ ਆਦਿ ਨਹੀਂ ਸੀ। ਅੰਬਾਂ ਦੇ ਬਾਗ ਕਾਫੀ ਸਨ। ਜਾਮਣ ਅਤੇ ਜਮੋਏ ਵੀ ਸਨ। ਕਈ ਘਰਾਂ ਵਿੱਚ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਪਸ਼ੂਆਂ ਦੇ ਚਾਰਨ ਲਈ ਚਰਾਂਦ ਵੀ ਛੱਡੀ ਹੋਈ ਸੀ। ਪਿੰਡ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਸਨ। ਪਿੰਡ ਦੇ ਕਈ ਨੌਜਵਾਨਾਂ ਨੂੰ ਕਬੱਡੀ ਖੇਡਣ ਦਾ ਸ਼ੌਂਕ ਸੀ। ਇਸ ਪਿੰਡ ਦੇ ਪ੍ਰਮੁੱਖ ਵਿਅੱਕਤੀਆਂ ਵਿੱਚ ਨੰਬਰਦਾਰ ਕਰਤਾਰ ਸਿੰਘ, ਮੰਗੂ, ਤੁੱਲਾ ਰਾਮ, ਆਸੂ, ਪੂਰਨ, ਨਰੰਜਨ, ਨਸੀਬਾ, ਬਾਜੀ ਜੱਟ ਅਤੇ ਪ੍ਰੀਤਮ ਸਿੰਘ ਸਨ। 27 ਜੂਨ 1951 ਨੂੰ ਸਰਕਾਰ ਨੇ ਕਾਂਜੀਮਾਜਰਾ ਪਿੰਡ ਨੂੰ ਉਜਾੜਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਤੇ ਇਸ ਪਿੰਡ ਦੀ ਜਮੀਨ ਐਕੁਆਇਰ ਕਰ ਲਈ ਗਈ ਅਤੇ ਲਾਲ ਡੋਰੇ ਦੇ ਅੰਦਰ ਬਣੇ ਮਕਾਨਾਂ ਨੂੰ ਢਾਹ ਦਿੱਤਾ। ਲੋਕਾਂ ਨੂੰ 50 ਰੁਪਏ ਖਣ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ। ਕਾਂਜੀਮਾਰੇ ਦੇ ਕਈ ਘਰ ਇਸ ਵੇਲੇ ਤੰਗੋਰੀ ਰਹਿੰਦੇ ਹਨ। ਲੋਕਾਂ ਨੂੰ ਆਪਣਾ ਪਿੰਡ ਉਜੜਨ ਦਾ ਬਹੁਤ ਦੁੱਖ ਹੈ।

*ਚੰਡੀਗੜ ਲਈ ਕੁਰਬਾਨ ਹੋ ਚੁੱਕੇ ਪਿੰਡ ਕਾਂਜੀਮਾਰਾ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਸੈਕਟਰ 14-15-24-25 ਵਾਲੇ ਗੋਲ ਚੌਂਕ ਨਾਮ ਕਾਂਜੀਮਾਜਰਾ ਚੌਂਕ ਅਤੇ ਸੈਕਟਰ 14-25 ਨੂੰ ਵੰਡਦੀ ਸੜਕ ਦਾ ਨਾਮ ਕਾਂਜੀਮਾਜਰਾ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅੰਦਰ ਬਣੇ ਕਿਸੇ ਬਲਾਕ ਅਤੇ ਗੇਟ ਦਾ ਨਾਮ ਕਾਂਜੀਮਾਜਰਾ ਪਿੰਡ ਦੇ ਨਾਮ ਤੇ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

ਲੇਖਕ: ਮਲਕੀਤ ਸਿੰਘ ਔਜਲਾ

- Advertisement -

ਮੁੱਲਾਂਪੁਰ ਗਰੀਬਦਾਸ (ਮੋਹਾਲੀ)

ਸੰਪਰਕ: 9914992424

Share this Article
Leave a comment