ਵਾਸ਼ਿੰਗਟਨ: ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਵੱਖ-ਵੱਖ ਨੀਤੀਆਂ ਅਪਣਾ ਰਹੇ ਹਨ। ਉਨ੍ਹਾਂ ਦੀ ਖਾਸ ਧਆਨ ਉਨ੍ਹਾਂ ਪ੍ਰਵਾਸੀਆਂ ‘ਤੇ ਹੈ ਜੋ ਗਰੀਨ ਕਾਰਡ ਪ੍ਰਾਪਤ ਕਰਨ ਲਈ ਧੋਖਾਧੜੀ ਕਰਕੇ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਦੇ ਹਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (USCIS) ਨੇ ਇਸਨੂੰ ਇੱਕ ਸੰਘੀ ਅਪਰਾਧ ਘੋਸ਼ਿਤ ਕੀਤਾ ਹੈ ਅਤੇ ਦੋਸ਼ੀਆਂ ਨੂੰ ਇਸਦੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਵਿਆਹ ਧੋਖਾਧੜੀ ਦੀ ਸਖ਼ਤ ਸਜ਼ਾ
ਸੰਸਥਾ ਅਨੁਸਾਰ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਤੋਂ ਬਚਣ ਲਈ ਵਿਆਹ ਕਰਦਾ ਹੈ, ਤਾਂ ਉਸ ਨੂੰ ਧਾਰਾ 1325(C) ਦੇ ਤਹਿਤ ਵਿਆਹ ਧੋਖਾਧੜੀ ਕਾਨੂੰਨ ਅਧੀਨ ਵੱਧ ਤੋਂ ਵੱਧ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਵਿਆਹ ਦੇ ਨਾਂ ‘ਤੇ ਧੋਖਾਧੜੀ
ਅਮਰੀਕਾ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਵਿਆਹ ਮੰਨਿਆ ਜਾਂਦਾ ਹੈ। ਕਈ ਮਾਮਲਿਆਂ ਵਿੱਚ ਵਿਦੇਸ਼ੀ ਨਾਗਰਿਕ ਅਮਰੀਕੀ ਔਰਤਾਂ ਨਾਲ ਵਿਆਹ ਕਰਕੇ ਨਾਗਰਿਕਤਾ ਲੈ ਲੈਂਦੇ ਹਨ ਅਤੇ ਫਿਰ ਤਲਾਕ ਦੇ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ। ਦੂਜੇ ਪਾਸੇ ਕੁਝ ਅਮਰੀਕੀ ਨਾਗਰਿਕ ਪੈਸੇ ਲੈ ਕੇ ਵਿਦੇਸ਼ੀਆਂ ਨਾਲ ਵਿਆਹ ਕਰਦੇ ਹਨ, ਅਤੇ ਤਲਾਕ ਦੇ ਕੇ ਵੱਡੀ ਰਕਮ ਕਮਾਉਂਦੇ ਹਨ। ਟਰੰਪ ਪ੍ਰਸ਼ਾਸਨ ਨੇ ਹੁਣ ਐਸੀਆਂ ਧੋਖਾਧੜੀਆਂ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਜੇਕਰ ਕੋਈ ਵਿਦੇਸ਼ੀ ਨਾਗਰਿਕ ਇਸ ਕਿਸਮ ਦੀ ਧੋਖਾਧੜੀ ‘ਚ ਫੜਿਆ ਜਾਂਦਾ ਹੈ, ਤਾਂ ਉਸ ‘ਤੇ ਭਾਰੀ ਜੁਰਮਾਨਾ ਲਗ ਸਕਦਾ ਹੈ ਅਤੇ ਉਸ ਨੂੰ ਦੇਸ਼ ‘ਚੋਂ ਕੱਢਿਆ ਵੀ ਜਾ ਸਕਦਾ ਹੈ। USCIS ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਆਹ ਧੋਖਾਧੜੀ ਜਾਂ ਇਮੀਗ੍ਰੇਸ਼ਨ ਨਾਲ ਸਬੰਧਤ ਕਿਸੇ ਵੀ ਗਲਤ ਲਾਭ ਲੈਣ ਵਾਲਿਆਂ ਦੀ ਜਾਣਕਾਰੀ ਦੇਣ।
ਅਮਰੀਕਾ ਵੱਲੋਂ ਨਵੇਂ ਪਰਵਾਸੀ ਨਿਯਮ
ਇਸ ਤੋਂ ਇਲਾਵਾ, ਅਮਰੀਕੀ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਨਵੀਂ ਚਿਤਾਵਨੀ ਜਾਰੀ ਕੀਤੀ ਹੈ, ਜਿਸ ਕਰਕੇ ਲੱਖਾਂ ਪਰਵਾਸੀਆਂ ਵਿੱਚ ਚਿੰਤਾ ਵਧ ਗਈ ਹੈ।
ਸਰਕਾਰ ਦੇ ਸਬੰਧਤ ਵਿਭਾਗ ਨੇ ਆਪਣੇ ਆਧਿਕਾਰਿਤ ਸੋਸ਼ਲ ਮੀਡੀਆ ਖਾਤੇ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਗਿਆ, ‘ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀ ਅਸੀਂ ਯੂ.ਐਸ. ਵੀਜ਼ਾ ਸਕ੍ਰੀਨਿੰਗ ਜਾਰੀ ਰੱਖਦੇ ਹਾਂ। ਅਸੀਂ ਵੀਜ਼ਾ ਧਾਰਕਾਂ ਦੀ ਲਗਾਤਾਰ ਨਿਗਰਾਨੀ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਮਰੀਕਾ ਦੇ ਸਾਰੇ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਜੇਕਰ ਕੋਈ ਵਿਅਕਤੀ ਇਹ ਨਿਯਮ ਤੋੜਦਾ ਹੈ, ਤਾਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।’