ਅਫਗਾਨ ਲੋਕਾਂ ਨੇ ਭੁੱਖ ਤੋਂ ਬਚਣ ਲਈ ਆਪਣੇ ਬੱਚੇ ਅਤੇ ਆਪਣੇ ਸਰੀਰ ਦੇ ਅੰਗ ਵੇਚਣ ਦਾ ਲਿਆ ਸਹਾਰਾ : ਸੰਯੁਕਤ ਰਾਸ਼ਟਰ ਫੂਡ ਮੁਖੀ

TeamGlobalPunjab
3 Min Read

ਬਰਲਿਨ: ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ.ਪੀ.) ਦੇ ਮੁਖੀ ਨੇ ਅਫਗਾਨਿਸਤਾਨ ਵਿਚ ਮਨੁੱਖੀ ਸੰਕਟ ‘ਤੇ ਫਿਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਅਫਗਾਨ ਲੋਕਾਂ ਨੇ ਬਚਣ ਲਈ ਆਪਣੇ ਬੱਚੇ ਅਤੇ ਆਪਣੇ ਸਰੀਰ ਦੇ ਅੰਗ ਵੇਚਣ ਦਾ ਸਹਾਰਾ ਲਿਆ ਹੈ। ਡਬਲਯੂਐਫਪੀ ਦੇ ਮੁਖੀ ਡੇਵਿਡ ਬੇਸਲੀ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ਨੂੰ ਸਹਾਇਤਾ ਪਹੁੰਚਾਉਣ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ ਕਿਉਂਕਿ ਦੇਸ਼ ਵਿੱਚ ਅੱਧੀ ਤੋਂ ਵੱਧ ਆਬਾਦੀ ਭੁੱਖ ਨਾਲ ਮਰ ਰਹੀ ਹੈ।

ਅਫਗਾਨਿਸਤਾਨ ਸੋਕੇ, ਮਹਾਂਮਾਰੀ, ਆਰਥਿਕ ਤੰਗੀ ਅਤੇ ਸਾਲਾਂ ਦੇ ਸੰਘਰਸ਼ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਲਗਪਗ 2.3 ਕਰੋੜ ਲੋਕ ਗੰਭੀਰ ਖ਼ੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼ੰਕਾ ਹੈ ਕਿ ਦੇਸ਼ ਦੀ 97 ਫ਼ੀਸਦੀ ਆਬਾਦੀ ਇਸ ਸਾਲ ਗ਼ਰੀਬੀ ਰੇਖਾ ਤੋਂ ਹੇਠਾਂ ਆ ਸਕਦੀ ਹੈ।

ਡੇਵਿਡ ਨੇ ਜਰਮਨ ਪ੍ਰਸਾਰਕ ਡਾਇਚੇ ਵੇਲੇ (ਡੀਡਬਲਯੂ) ਨੂੰ ਦੱਸਿਆ, ‘ਘੱਟੋ ਘੱਟ 20 ਸਾਲ ਤੋਂ ਤਾਲਿਬਾਨ ਨਾਲ ਸੰਘਰਸ਼ ਕਰ ਰਿਹਾ ਅਫ਼ਗਾਨਿਸਤਾਨ ਪਹਿਲਾਂ ਤੋਂ ਹੀ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ ’ਚੋਂ ਇਕ ਸੀ। ਹੁਣ ਉਹ ਜੋ ਦੇਖ ਰਹੇ ਹਨ, ਉਹ ਤਬਾਹਕਾਰੀ ਹੈ। ਦੇਸ਼ ਦੀ ਕਰੀਬ ਚਾਰ ਕਰੋੜ ਆਬਾਦੀ ’ਚੋਂ 2.3 ਕਰੋੜ ਲੋਕ ਭੁੱਖਮਰੀ ਦੀ ਕਗਾਰ ’ਤੇ ਹਨ।’ ਉਨ੍ਹਾਂ ਅਫ਼ਗਾਨਿਸਤਾਨ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ, ‘ਇਕ ਮਹਿਲਾ ਨੇ ਦੱਸਿਆ ਸੀ ਕਿ ਉਸ ਨੂੰ ਆਪਣੀ ਬੇਟੀ ਦੂਜੇ ਪਰਿਵਾਰ ਨੂੰ ਇਸ ਲਈ ਵੇਚਣੀ ਪਈ, ਤਾਂਕਿ ਮਾਸੂਮ ਨੂੰ ਚੰਗਾ ਖਾਣਾ ਨਸੀਬ ਹੋ ਸਕੇ।’ ਬੀਸਲੇ ਨੇ ਮੌਜੂਦਾ ਭੁੱਖਮਰੀ ਦੇ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਦੁਨੀਆ ਦੇ ਸਭ ਤੋਂ ਅਮੀਰਾਂ ਨੂੰ ਬੁਲਾਇਆ। “ਇਸ ਕੋਵਿਡ ਅਨੁਭਵ ਦੇ ਦੌਰਾਨ, ਦੁਨੀਆ ਦੇ ਅਰਬਪਤੀਆਂ ਨੇ ਬੇਮਿਸਾਲ ਪੈਸਾ ਕਮਾਇਆ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਸ ਅਣਕਿਆਸੀ ਸਮੱਸਿਆ ਦੇ ਹੱਲ ਲਈ ਸਿਰਫ਼ ਉਨ੍ਹਾਂ ਦੀ ਇਕ ਦਿਨ ਦੀ ਕਮਾਈ ਦੀ ਲੋੜ ਹੈ।’

 ਹੇਰਾਤ ਸੂਬਾ ਨਿਵਾਸੀ ਇਕ ਵਿਅਕਤੀ ਨੂੰ ਆਪਣੀ ਕਿਡਨੀ ਇਸ ਲਈ ਵੇਚਣੀ ਪਈ, ਤਾਂਕਿ ਉਸ ਦੇ ਪਰਿਵਾਰ ਨੂੰ ਭੋਜਨ ਮਿਲ ਸਕੇ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ, ‘ਅਸੀਂ ਅਫ਼ਗਾਨੀਆਂ ਨੂੰ ਮਨੁੱਖੀ ਸੰਕਟ ’ਚੋਂ ਕੱਢਣ ਲਈ ਯਤਨਸ਼ੀਲ ਹਾਂ ਤੇ ਉਨ੍ਹਾਂ ਲਈ ਵਾਧੂ ਮਦਦ ਵੀ ਭੇਜ ਰਹੇ ਹਾਂ।’ ਕਿਡਨੀ ਵਿਕਰੀ ਸਬੰਧੀ ਰਿਪੋਰਟ ’ਤੇ ਉਨ੍ਹਾਂ ਕਿਹਾ, ‘ਆਰਥਿਕ ਪਾਬੰਦੀਆਂ ਹਟਾਉਣ ਤੇ ਰੋਕੇ ਗਏ ਉਨ੍ਹਾਂ ਦੇ ਅਰਬਾਂ ਡਾਲਰ ਨੂੰ ਜਾਰੀ ਕਰਨ ਨਾਲ ਅਫ਼ਗਾਨਿਸਤਾਨ ਨੂੰ ਇਸ ਸੰਕਟ ਨਾਲ ਨਜਿੱਠਣ ’ਚ ਮਦਦ ਮਿਲੇਗੀ।’

- Advertisement -

Share this Article
Leave a comment