ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਸਾਊਥ ਲਾਅਨ ਵਿਖੇ ਸੁਤੰਤਰਤਾ ਦਿਵਸ ਮੌਕੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਆਪਣੇ ਬਹੁਤ ਉਡੀਕੇ ਜਾ ਰਹੇ ਕਾਨੂੰਨ, “ਵਨ ਬਿਗ ਬਿਊਟੀਫੁੱਲ ਬਿੱਲ” (One Big Beautiful Bill Act) ‘ਤੇ ਦਸਤਖਤ ਕਰ ਦਿੱਤੇ। ਅਤਿਸ਼ਬਾਜ਼ੀ, ਸੈਨਿਕ ਫਲਾਈਪਾਸਟ ਅਤੇ ਤਾੜੀਆਂ ਦੀ ਗੂੰਜ ਦੇ ਵਿਚਕਾਰ ਟਰੰਪ ਨੇ ਇਸ ਕਾਨੂੰਨ ਨੂੰ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦਾ ਸਭ ਤੋਂ ਵੱਡਾ ਕਦਮ ਦੱਸਿਆ। ਟਰੰਪ ਨੇ ਆਪਣੇ ਮਸ਼ਹੂਰ ਸ਼ਾਰਪੀ ਪੈੱਨ ਨਾਲ ਦਸਤਖਤ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਹੈ।
900 ਪੰਨਿਆਂ ਦਾ ਇਹ ਬਿੱਲ ਜੋ ਹੁਣ ਕਾਨੂੰਨ ਬਣ ਗਿਆ ਹੈ, ਇਹ ਅਮਰੀਕਾ ਲਈ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਵੱਡਾ ਅਸਰ ਭਾਰਤ ਅਤੇ ਐਨਆਰਆਈਜ਼ (ਭਾਰਤੀ ਪ੍ਰਵਾਸੀਆਂ) ‘ਤੇ ਵੀ ਪਾਵੇਗਾ। ਇਸ ਬਿੱਲ ਦੇ ਮਨਜ਼ੂਰ ਹੋਣ ਨਾਲ, ਸਰਕਾਰੀ ਖਰਚਿਆਂ ਨਾਲ ਜੁੜਿਆ ਇਹ ਕਾਨੂੰਨ ਨਾ ਸਿਰਫ ਅਮਰੀਕਾ, ਸਗੋਂ ਸਾਰੀ ਦੁਨੀਆਂ ‘ਤੇ ਅਸਰ ਪਾਵੇਗਾ। ਐਨਆਰਆਈਜ਼ ਵੱਲੋਂ ਭਾਰਤ ਭੇਜੀ ਜਾਂ ਨਿਵੇਸ਼ ਕੀਤੀ ਗਈ ਰਕਮ ‘ਤੇ ਇਸ ਦਾ ਸਿੱਧਾ ਪ੍ਰਭਾਵ ਪੈ ਸਕਦਾ ਹੈ।
ਟਰੰਪ ਸਰਕਾਰ ਨੇ ਸ਼ੁਰੂ ਵਿੱਚ 5% ਟੈਕਸ ਦਾ ਪ੍ਰਸਤਾਵ ਰੱਖਿਆ ਸੀ, ਪਰ ਅੰਤਿਮ ਬਿੱਲ ਵਿੱਚ ਇਸ ਨੂੰ ਘਟਾ ਕੇ 1% ਕਰ ਦਿੱਤਾ ਗਿਆ ਹੈ। ਇਹ ਨਵਾਂ ਟੈਕਸ 1 ਜਨਵਰੀ, 2026 ਤੋਂ ਲਾਗੂ ਹੋਵੇਗਾ। ਹਾਲਾਂਕਿ, ਬੈਂਕ ਟ੍ਰਾਂਸਫਰ ਅਤੇ ਕਾਰਡ ਰਾਹੀਂ ਭੇਜੀ ਗਈ ਰਕਮ ਇਸ ਟੈਕਸ ਦੇ ਦਾਇਰੇ ਤੋਂ ਬਾਹਰ ਰਹੇਗੀ। ਪਰ, ਜਿਹੜੇ ਐਨਆਰਆਈ ਅਕਸਰ ਜਾਂ ਵੱਡੀ ਰਕਮ ਭਾਰਤ ਭੇਜਦੇ ਹਨ, ਉਨ੍ਹਾਂ ਨੂੰ ਆਪਣੀ ਵਿੱਤੀ ਯੋਜਨਾ ‘ਤੇ ਮੁੜ ਵਿਚਾਰ ਕਰਨਾ ਪਵੇਗਾ। ਇਸ ਨਾਲ ਰੀਅਲ ਅਸਟੇਟ ਵਿੱਚ ਨਿਵੇਸ਼, ਪਰਿਵਾਰਾਂ ਨੂੰ ਭੇਜੀ ਜਾਣ ਵਾਲੀ ਰਕਮ ਅਤੇ ਹੋਰ ਆਰਥਿਕ ਗਤੀਵਿਧੀਆਂ ‘ਤੇ ਅਸਰ ਪਵੇਗਾ।
ਕਿਰਾਏ ਤੋਂ ਹੋਣ ਵਾਲੀ ਆਮਦਨੀ ‘ਤੇ ਨਵਾਂ ਟੈਕਸ ਨਹੀਂ ਲੱਗੇਗਾ। ਵਿਦੇਸ਼ਾਂ ਤੋਂ ਆਉਣ ਵਾਲੀ ਕਿਰਾਏ ਦੀ ਆਮਦਨੀ ‘ਤੇ ਅਮਰੀਕਾ ਵਿੱਚ ਪਹਿਲਾਂ ਵਾਂਗ ਹੀ ਟੈਕਸ ਲਾਗੂ ਹੋਵੇਗਾ। ਜੇਕਰ ਕੋਈ ਗ੍ਰੀਨ ਕਾਰਡ ਧਾਰਕ ਜਾਂ ਅਮਰੀਕੀ ਨਾਗਰਿਕ ਭਾਰਤ ਵਿੱਚ ਕਿਰਾਏ ਦੀ ਜਾਇਦਾਦ ਤੋਂ ਆਮਦਨੀ ਕਮਾਉਂਦਾ ਹੈ, ਤਾਂ ਭਾਰਤ ਵਿੱਚ ਦਿੱਤਾ ਗਿਆ ਟੈਕਸ ਅਮਰੀਕਾ ਵਿੱਚ ਕ੍ਰੈਡਿਟ ਵਜੋਂ ਵਰਤਿਆ ਜਾ ਸਕਦਾ ਹੈ।
ਇਸ ਬਿੱਲ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਸਖ਼ਤੀ ਦੀ ਗੱਲ ਵੀ ਕੀਤੀ ਗਈ ਹੈ। ਟਰੰਪ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਪੋਰਟੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਲਗਭਗ 18,000 ਭਾਰਤੀ ਨਾਗਰਿਕਾਂ ਦੀ ਪਛਾਣ ਕੀਤੀ ਗਈ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਇਨ੍ਹਾਂ ਨੂੰ ਵਾਪਸ ਲਵੇਗੀ ਅਤੇ ਮਨੁੱਖੀ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕਰੇਗੀ। ਅਮਰੀਕਾ ਦੀ 3% ਆਬਾਦੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਹੈ, ਜਿਨ੍ਹਾਂ ਵਿੱਚ 2.2 ਲੱਖ ਤੋਂ 7 ਲੱਖ ਭਾਰਤੀ ਹੋਣ ਦਾ ਅਨੁਮਾਨ ਹੈ।