ਵਾਸ਼ਿੰਗਟਨ/ਮਾਸਕੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 15 ਅਗਸਤ 2025 ਨੂੰ ਮੁਲਾਕਾਤ ਹੋਣ ਜਾ ਰਹੀ ਹੈ। ਇਹ ਮੁਲਾਕਾਤ ਯੂਕਰੇਨ ਜੰਗ ‘ਤੇ ਕੇਂਦਰਿਤ ਹੋ ਸਕਦੀ ਹੈ। ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਰੂਸ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਪੁਤਿਨ ਇਸ ਮੁਲਾਕਾਤ ਵਿੱਚ ਜੰਗਬੰਦੀ ‘ਤੇ ਸਹਿਮਤੀ ਨਹੀਂ ਦਿਖਾਉਂਦੇ, ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਇਹ ਵੀ ਕਿਹਾ ਕਿ ਪੁਤਿਨ ਨਾਲ ਦੂਜੀ ਮੁਲਾਕਾਤ ਦੀ ਵੀ ਚੰਗੀ ਸੰਭਾਵਨਾ ਹੈ, ਜਿਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੀ ਸ਼ਾਮਲ ਹੋ ਸਕਦੇ ਹਨ।
ਟਰੰਪ ਅਤੇ ਪੁਤਿਨ ਦੀ ਮੁਲਾਕਾਤ ਤੋਂ ਪਹਿਲਾਂ, ਜ਼ੇਲੇਂਸਕੀ ਨੇ ਯੂਰਪੀਅਨ ਲੀਡਰਾਂ ਅਤੇ ਟਰੰਪ ਨਾਲ ਗੱਲਬਾਤ ਕੀਤੀ। ਜ਼ੇਲੇਂਸਕੀ ਨੇ ਕਿਹਾ ਕਿ ਅਮਰੀਕਾ ਯੂਕਰੇਨ ਦਾ ਸਮਰਥਨ ਕਰਨ ਲਈ ਤਿਆਰ ਹੈ ਅਤੇ ਉਨ੍ਹਾਂ ਨੇ ਟਰੰਪ ਨੂੰ ਦੱਸਿਆ ਕਿ ਪੁਤਿਨ ਪਾਬੰਦੀਆਂ ਦੇ ਅਸਰ ਬਾਰੇ ‘ਧੋਖਾ’ ਦੇ ਰਹੇ ਹਨ।
ਪੁਤਿਨ ਅਤੇ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ, ਯੂਰਪੀਅਨ ਮੁਲਕਾਂ ਨੇ ਜ਼ੇਲੇਂਸਕੀ ਦਾ ਖੁੱਲ੍ਹ ਕੇ ਸਮਰਥਨ ਕੀਤਾ। ਜਰਮਨ ਚਾਂਸਲਰ ਮਰਜ਼ ਨੇ ਕਿਹਾ ਕਿ ਪਹਿਲੀ ਤਰਜੀਹ ਜੰਗਬੰਦੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਰੂਸ ਸਹਿਮਤ ਨਹੀਂ ਹੁੰਦਾ, ਤਾਂ ਯੂਕਰੇਨ ਦੇ ਸਹਿਯੋਗੀਆਂ ਨੂੰ ਰੂਸ ‘ਤੇ ਦਬਾਅ ਵਧਾਉਣਾ ਚਾਹੀਦਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਯੂਕਰੇਨ ਨੂੰ ਲਗਾਤਾਰ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਪੁਤਿਨ ਨੂੰ ਗੱਲਬਾਤ ਦੀ ਮੇਜ਼ ‘ਤੇ ਲਿਆਉਣ ਲਈ ਟਰੰਪ ਦਾ ਧੰਨਵਾਦ ਕੀਤਾ।
ਕਿਵੇਂ ਹੋਵੇਗਾ ਜੰਗਬੰਦੀ ?
ਹਾਲਾਂਕਿ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਤੋਂ ਪੂਰੀ ਦੁਨੀਆ ਨੂੰ ਸਕਾਰਾਤਮਕ ਉਮੀਦ ਹੈ, ਪਰ ਜੰਗਬੰਦੀ ਦੀਆਂ ਸ਼ਰਤਾਂ ਅਜੇ ਸਪੱਸ਼ਟ ਨਹੀਂ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਪੁਤਿਨ ਜੰਗਬੰਦੀ ਦੇ ਬਦਲੇ ਰੂਸ ਦੇ ਕੁਝ ਖੇਤਰਾਂ ਦੀ ਮੰਗ ਕਰ ਸਕਦੇ ਹਨ, ਜਦਕਿ ਜ਼ੇਲੇਂਸਕੀ ਨੇ ਆਪਣੇ ਦੇਸ਼ ਦੀ ਇੱਕ ਇੰਚ ਵੀ ਜ਼ਮੀਨ ਸੌਂਪਣ ਦੀ ਗੱਲ ਨੂੰ ਰੱਦ ਕਰ ਦਿੱਤਾ। ਜ਼ਮੀਨੀ ਪੱਧਰ ‘ਤੇ ਰੂਸ ਨੇ ਯੂਕਰੇਨ ਦੇ ਲਗਭਗ 20 ਫੀਸਦ ਖੇਤਰ ‘ਤੇ ਕਬਜ਼ਾ ਕਰ ਰੱਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸ਼ਾਂਤੀ ਵਾਰਤਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਤੁਰਕੀ ਦੇ ਅੰਕਾਰਾ ਅਤੇ ਸਾਊਦੀ ਅਰਬ ਦੇ ਜੱਦਾ ਵਿੱਚ ਅਧਿਕਾਰੀਆਂ ਨੇ ਜੰਗਬੰਦੀ ਲਈ ਮੁਲਾਕਾਤਾਂ ਕੀਤੀਆਂ ਸਨ। ਹੁਣ ਦੇਖਣਾ ਹੋਵੇਗਾ ਕਿ ਕੀ ਟਰੰਪ ਇਸ ਜੰਗ ਨੂੰ ਰੋਕ ਪਾਉਂਦੇ ਹਨ ਜਾਂ ਇਹ ਕੋਸ਼ਿਸ਼ ਵੀ ਨਾਕਾਮ ਹੋ ਜਾਵੇਗੀ।