ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਤੋਂ ਤੇਲ ਜਾਂ ਗੈਸ ਖਰੀਦਣ ਵਾਲੇ ਕਿਸੇ ਵੀ ਦੇਸ਼ ਨੂੰ ਅਮਰੀਕਾ ਨਾਲ ਵਪਾਰ ‘ਤੇ 25 ਫੀਸਦੀ ਟੈਰਿਫ ਦੇਣਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਇਸ ਕਦਮ ਨਾਲ ਭਾਰਤ ਦੇ ਊਰਜਾ ਖੇਤਰ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਵੈਨੇਜ਼ੁਏਲਾ ਨੂੰ ਨਿਸ਼ਾਨਾ ਬਣਾਉਣ ਲਈ ਇਹ ਕਦਮ ਚੁੱਕਿਆ ਹੈ ਪਰ ਇਸ ਦਾ ਭਾਰਤ ਅਤੇ ਚੀਨ ਵਰਗੇ ਦੇਸ਼ਾਂ ‘ਤੇ ਮਾੜਾ ਅਸਰ ਪਵੇਗਾ ਕਿਉਂਕਿ ਇਹ ਦੇਸ਼ ਵੀ ਵੈਨੇਜ਼ੁਏਲਾ ਤੋਂ ਕਾਫੀ ਮਾਤਰਾ ‘ਚ ਤੇਲ ਅਤੇ ਗੈਸ ਖਰੀਦਦੇ ਹਨ।
ਟਰੰਪ ਨੇ ‘ਟਰੂਥ’ ਸੋਸ਼ਲ ਪੋਸਟ ‘ਚ ਕਿਹਾ ਕਿ ਇਹ ਸੈਕੰਡਰੀ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਵੇਗਾ। ਰਾਸ਼ਟਰਪਤੀ ਟਰੰਪ ਨੇ ਇਕ ਪੋਸਟ ‘ਚ ਲਿਖਿਆ “ਵੈਨੇਜ਼ੁਏਲਾ ਅਮਰੀਕਾ ਅਤੇ ਉਨ੍ਹਾਂ ਆਜ਼ਾਦੀਆਂ ਦਾ ਡੂੰਘਾ ਦੁਸ਼ਮਣ ਰਿਹਾ ਹੈ ਜਿਸ ਦਾ ਅਸੀਂ ਸਮਰਥਨ ਕਰਦੇ ਹਾਂ। ਇਸ ਲਈ, ਕੋਈ ਵੀ ਦੇਸ਼ ਜੋ ਵੈਨੇਜ਼ੁਏਲਾ ਤੋਂ ਤੇਲ ਅਤੇ/ਜਾਂ ਗੈਸ ਖਰੀਦਦਾ ਹੈ, ਨੂੰ ਸਾਡੇ ਦੇਸ਼ ਨਾਲ ਕਿਸੇ ਵੀ ਵਪਾਰ ‘ਤੇ ਅਮਰੀਕਾ ਨੂੰ 25% ਟੈਰਿਫ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾਵੇਗਾ।”
ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਇਹ ਕਦਮ ਇਸ ਲਈ ਚੁੱਕ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਨੇ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਭੇਜਿਆ ਹੈ ਜੋ ਬਹੁਤ ਹਿੰਸਕ ਸੁਭਾਅ ਦੇ ਹਨ। ਦੱਸ ਦਈਏ ਕਿ ਜਨਵਰੀ ਵਿੱਚ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਟਰੰਪ ਨੇ ਆਰਥਿਕ ਅਤੇ ਕੂਟਨੀਤਕ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਸਹਿਯੋਗੀਆਂ ਅਤੇ ਵਿਰੋਧੀਆਂ ਦੋਵਾਂ ‘ਤੇ ਟੈਰਿਫ ਲਗਾਏ ਹਨ। ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਟਰੰਪ ਨੇ ਸੋਮਵਾਰ ਨੂੰ ਵੈਨੇਜ਼ੁਏਲਾ ਤੋਂ ਤੇਲ ਦੀ ਖਰੀਦ ‘ਤੇ ਟੈਰਿਫ ਲਗਾਉਣ ਦੇ ਆਦੇਸ਼ ‘ਤੇ ਹਸਤਾਖਰ ਕੀਤੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।