ਵਰਲਡ ਡੈਸਕ – ਟਰੰਪ ਦੇ ਹਜ਼ਾਰਾਂ ਸਮਰਥਕ ਬੀਤੇ ਬੁੱਧਵਾਰ ਨੂੰ ਯੂਐਸ ਕੈਪੀਟਲ ‘ਚ ਦਾਖਲ ਹੋਏ ਸਨ। ਇਸ ਹਿੰਸਾ ‘ਚ ਚਾਰ ਲੋਕਾਂ ਦੀ ਮੌਤ ਵੀ ਹੋ ਗਈ। ਇਸ ਹਿੰਸਾ ਦੌਰਾਨ ਇੱਕ ਭਾਰਤੀ ਮੂਲ ਦਾ ਇਕ ਵਿਅਕਤੀ ਵਿਨਸੈਂਟ ਜ਼ੇਵੀਅਰ ਨੇ ਉੱਥੇ ਭਾਰਤੀ ਝੰਡਾ ਲਹਿਰਾਇਆ ਸੀ। ਜਿਸਦੇ ਚਲਦਿਆਂ ਜ਼ੇਵੀਅਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਉਸ ਖਿਲਾਫ ਸ਼ਿਕਾਇਤ ਕਰਨ ਵਾਲੇ ਦੀਪਕ ਕੁਮਾਰ ਸਿੰਘ ਨੇ ਫੇਸਬੁੱਕ ਤੇ ਟਵਿੱਟਰ ਤੋਂ ਉਸ ਦਾ ਅਕਾਉਂਟ ਡੀਲੀਟ ਕਰਨ ਦੀ ਮੰਗ ਵੀ ਕੀਤੀ ਹੈ। ਵਿਨਸੈਂਟ ਨੇ ਕਿਹਾ ਹੈ ਕਿ ਉਹ ਰੋਸ ਪ੍ਰਦਰਸ਼ਨ ਦੌਰਾਨ ਤਿਰੰਗੇ ਦੇ ਨਾਲ ਟਰੰਪ ਦੇ ਹਮਾਇਤੀ ਬਣ ਕੇ ਗਿਆ ਸੀ, ਨਾ ਕਿ ਨਸਲਵਾਦੀ ਵਜੋਂ। 54 ਸਾਲਾ ਵਿਨਸੈਂਟ ਅਸਲ ‘ਚ ਕੇਰਲਾ ਦੇ ਕੋਚੀ ਦਾ ਰਹਿਣ ਵਾਲਾ ਹੈ।
ਇਸਤੋਂ ਇਲਾਵਾ ਵਿਨਸੈਂਟ ਨੇ ਸਪੱਸ਼ਟ ਕੀਤਾ ਕਿ ਉਹ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦਾ ਹਿੱਸਾ ਨਹੀਂ ਸੀ। ਵਿਨਸੇਂਟ ਨੇ ਦਾਅਵਾ ਕੀਤਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਲਈ ਗਿਆ ਸੀ ਜੋ ਚੋਣ ਧੋਖਾਧੜੀ ਦੇ ਵਿਰੁੱਧ ਸੀ।