ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨਾਲ ਵਪਾਰਕ ਤਣਾਅ ਨੂੰ ਨਵੀਂ ਬੁਲੰਦੀ ’ਤੇ ਪਹੁੰਚਾ ਦਿੱਤਾ ਹੈ। ਸ਼ਨੀਵਾਰ ਨੂੰ ਏਅਰ ਫੋਰਸ ਵਨ ਰਾਹੀਂ ਮਲੇਸ਼ੀਆ ਜਾਂਦਿਆਂ ਉਨ੍ਹਾਂ ਨੇ ਕੈਨੇਡਾ ਨੂੰ ਸਖ਼ਤ ਚਿਤਾਵਨੀ ਦਿੱਤੀ। ਟਰੰਪ ਨੇ ਕਿਹਾ ਕਿ ਜੇ ਓਨਟਾਰੀਓ ਸੂਬੇ ਵੱਲੋਂ ਚਲਾਏ ਜਾ ਰਹੇ ਸ਼ੁਲਕ-ਵਿਰੋਧੀ ਟੀ.ਵੀ. ਵਿਗਿਆਪਨ ਤੁਰੰਤ ਨਾ ਹਟਾਏ ਗਏ, ਤਾਂ ਕੈਨੇਡੀਅਨ ਸਾਮਾਨ ’ਤੇ ਆਯਾਤ ਸ਼ੁਲਕ ਵਿੱਚ 10 ਫੀਸਦੀ ਵਾਧਾ ਕਰ ਦਿੱਤਾ ਜਾਵੇਗਾ। ਇਹ ਵਿਗਿਆਪਨ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਸ਼ਬਦਾਂ ਨਾਲ ਅਮਰੀਕੀ ਸ਼ੁਲਕ ਨੀਤੀਆਂ ਦੀ ਆਲੋਚਨਾ ਕਰਦਾ ਹੈ, ਜਿਸ ਨਾਲ ਟਰੰਪ ਬਹੁਤ ਨਾਰਾਜ਼ ਹੋ ਗਏ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਪੋਸਟ ਕਰਕੇ ਇਸ ਵਿਗਿਆਪਨ ਨੂੰ “ਝੂਠਾ ਤੇ ਦੁਸ਼ਮਣੀ ਵਾਲਾ” ਦੱਸਿਆ ਅਤੇ ਕਿਹਾ ਕਿ ਇਸ ਕਾਰਨ ਉਹ ਕੈਨੇਡਾ ਨਾਲ ਚੱਲ ਰਹੀਆਂ ਵਪਾਰਕ ਗੱਲਬਾਤਾਂ ਖਤਮ ਕਰ ਦੇਣਗੇ। ਵਿਗਿਆਪਨ ਸ਼ੁੱਕਰਵਾਰ ਰਾਤ ਨੂੰ ਵਰਲਡ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਚਲਾਇਆ ਗਿਆ ਸੀ। ਇਸ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਕਿ ਵੀਕਐਂਡ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਜਾਵੇਗਾ। ਟਰੰਪ ਨੇ ਪੋਸਟ ਵਿੱਚ ਲਿਖਿਆ, “ਉਨ੍ਹਾਂ ਨੂੰ ਕੱਲ੍ਹ ਰਾਤ ਵਰਲਡ ਸੀਰੀਜ਼ ਦੌਰਾਨ ਇਸ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ। ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਕਾਰਨ ਮੈਂ ਕੈਨੇਡਾ ’ਤੇ ਮੌਜੂਦਾ ਸ਼ੁਲਕਾਂ ਵਿੱਚ 10 ਫੀਸਦੀ ਵਾਧਾ ਕਰ ਰਿਹਾ ਹਾਂ।” ਪਰ ਇਹ ਸਪੱਸ਼ਟ ਨਹੀਂ ਕਿ ਟਰੰਪ ਇਸ ਵਾਧੇ ਲਈ ਕਿਹੜੇ ਕਾਨੂੰਨੀ ਅਧਾਰ ਦਾ ਸਹਾਰਾ ਲੈਣਗੇ। ਵ੍ਹਾਈਟ ਹਾਊਸ ਨੇ ਇਸ ਦੀ ਸਮਾਂ-ਸੀਮਾ ਜਾਂ ਦਾਇਰੇ (ਸਾਰੇ ਕੈਨੇਡੀਅਨ ਸਾਮਾਨ ’ਤੇ ਜਾਂ ਨਹੀਂ) ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਕੈਨੇਡਾ ’ਤੇ ਪਹਿਲਾਂ ਵੀ ਭਾਰੀ ਸ਼ੁਲਕ ਲਗਾ ਚੁੱਕੇ ਨੇ ਟਰੰਪ
ਟਰੰਪ ਦੇ ਸ਼ੁਲਕਾਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਡੂੰਘਾ ਝਟਕਾ ਦਿੱਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਟਰੰਪ ਨਾਲ ਗੱਲਬਾਤ ਰਾਹੀਂ ਇਨ੍ਹਾਂ ਸ਼ੁਲਕਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਨੇਡਾ ਦੇ ਨਿਰਯਾਤ ਦਾ 75% ਤੋਂ ਵੱਧ ਹਿੱਸਾ ਅਮਰੀਕਾ ਜਾਂਦਾ ਹੈ, ਜਿੱਥੇ ਹਰ ਰੋਜ਼ ਲਗਭਗ 3.6 ਅਰਬ ਕੈਨੇਡੀਅਨ ਡਾਲਰ (2.7 ਅਰਬ ਅਮਰੀਕੀ ਡਾਲਰ) ਮੁੱਲ ਦੀਆਂ ਵਸਤੂਆਂ ਤੇ ਸੇਵਾਵਾਂ ਸਰਹੱਦ ਪਾਰ ਕਰਦੀਆਂ ਹਨ। ਇਸ ਸਮੇਂ ਕਈ ਕੈਨੇਡੀਅਨ ਉਤਪਾਦਾਂ ’ਤੇ 35% ਸ਼ੁਲਕ ਹੈ, ਜਦਕਿ ਸਟੀਲ ਤੇ ਐਲੂਮੀਨੀਅਮ ’ਤੇ 50% ਤੱਕ ਪਹੁੰਚ ਚੁੱਕਾ ਹੈ। ਊਰਜਾ ਉਤਪਾਦਾਂ ’ਤੇ 10% ਸ਼ੁਲਕ ਹੈ, ਪਰ ਜ਼ਿਆਦਾਤਰ ਵਸਤੂਆਂ USMCA ਸਮਝੌਤੇ ਅਧੀਨ ਸ਼ੁਲਕ-ਮੁਕਤ ਹਨ। ਕਾਰਨੀ ਦੇ ਬੁਲਾਰੇ ਨੇ ਵੀ ਇਸ ਧਮਕੀ ’ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ।

