ਵਾਸ਼ਿੰਗਟਨ : ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਯਾਦਗਾਰ ਨਾਲ ਸਬੰਧਤ ਕਾਨੂੰਨ ‘ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦਸਤਖ਼ਤ ਕਰ ਦਿੱਤੇ। ਹਿਊਸਟਨ ਦੇ ਐਡਿਕਸ ਹੋਵੈਲ ਰੋਡ ‘ਤੇ ਸਥਿਤ ਇਮਾਰਤ ਨੂੰ ਹੁਣ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਬਿਲਡਿੰਗ ਦੇ ਨਾਂ ਨਾਲ ਜਾਣਿਆ ਜਾਵੇਗਾ।
ਅਮਰੀਕਾ ‘ਚ ਕਿਸੇ ਪੰਜਾਬੀ ਦੇ ਨਾਂ ‘ਤੇ ਬਣਿਆ, ਇਹ ਦੂਜਾ ਡਾਕਖਾਨਾ ਹੋਵੇਗਾ। ਇਸ ਤੋਂ ਪਹਿਲਾਂ 2006 ਵਿੱਚ ਅਮਰੀਕਾ ਦੇ ਪਹਿਲੇ ਸਿੱਖ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਂ ਤੇ ਦੱਖਣੀ ਕੈਲੇਫ਼ੋਰਨੀਆ ਵਿਚ ਡਾਕਖਾਨਾ ਸਥਾਪਤ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਇਕ ਟੈਫ਼ਿਕ ਸਟੰਪ ’ਤੇ ਚੈਕਿੰਗ ਦੌਰਾਨ ਇੱਕ ਡਰਾਈਵਰ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀ ਮਾਰ ਦਿੱਤੀ ਸੀ। ਅਮਰੀਕੀ ਸੈਨੇਟ ਨੇ ਪਿਛਲੇ ਦਿਨੀਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਤੇ ਡਾਕਖਾਨਾ ਬਣਾਉਣ ਨਾਲ ਸਬੰਧਤ ਮਤਾ ਸਰਬਸੰਮਤੀ ਨਾਲ ਪਾਸ ਕਰ ਦਿਤਾ ਸੀ ਜਦਕਿ ਸੰਸਦ ਦੇ ਹੇਠਲੇ ਸਦਨ ਵਿਚ ਇਹ ਮਤਾ ਸਤੰਬਰ ਵਿਚ ਪਾਸ ਕਰ ਦਿੱਤਾ ਗਿਆ ਸੀ।
ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸੰਦੀਪ ਸਿੰਘ ਧਾਲੀਵਾਲ ਛੋਟੀ ਉਮਰ ਵਿਚ ਹੀ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਏ ਸਨ। 2015 ਵਿਚ ਉਨ੍ਹਾਂ ਨੂੰ ਟੈਕਸਸ ਦਾ ਪਹਿਲਾ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਹਾਸਲ ਹੋਇਆ ਜੋ ਦਸਤਾਰ ਅਤੇ ਦਾੜੀ ਸਮੇਤ ਸੇਵਾਵਾਂ ਨਿਭਾਅ ਰਹੇ ਸਨ।