ਵਾਸ਼ਿੰਗਟਨ: ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਟਰੱਕ ਡਰਾਈਵਰਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਹੁਨਰ ਦੇ ਆਧਾਰ ‘ਤੇ ਗਏ ਹੋਏ ਡਰਾਈਵਰਾਂ ਲਈ ਹੁਣ ਅੰਗਰੇਜ਼ੀ ਭਾਸ਼ਾ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਦਾ ਅਸਰ ਸਿੱਧਾ ਪੰਜਾਬੀ ਡਰਾਈਵਰਾਂ ‘ਤੇ ਪੈਂਦਾ ਦਿਖਾਈ ਦਿੰਦਾ ਹੈ। ਕਿਉਂਕਿ ਅਮਰੀਕਾ, ਕੈਨੇਡਾ ਜਾਂ ਫਿਰ ਹੋਰ ਮੁਲਕਾਂ ਵਿੱਚ ਗਏ ਪੰਜਾਬੀ ਡਰਾਈਵਰਾਂ ਦੀ ਅੰਗਰੇਜ਼ੀ ਭਾਸ਼ਾ ‘ਤੇ ਪਕੜ ਜ਼ਿਆਦਾ ਮਜ਼ਬੂਤ ਨਹੀਂ ਹੁੰਦੀ।
ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਹੁਣ ਅਜਿਹੇ ਸਾਰੇ ਡਰਾਈਵਰਾਂ ‘ਤੇ ਨਵੇਂ ਫੈਸਲੇ ਦਾ ਜ਼ਰੂਰ ਅਸਰ ਪੈ ਸਕਦਾ ਹੈ। ਇੱਥੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮਕਸਦ ਲਈ ਟੈਸਟ ਵੀ ਲਏ ਜਾ ਰਹੇ ਹਨ।
ਟਰੰਪ ਪ੍ਰਸ਼ਾਸਨ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਕਰਕੇ ਹੋਏ ਹਾਦਸਿਆਂ ਤੋਂ ਬਾਅਦ ਇਹ ਨਿਯਮ ਲਾਗੂ ਕੀਤਾ। ਪੁਲਿਸ ਸੜਕਾਂ ‘ਤੇ ਟਰੱਕ ਡਰਾਈਵਰਾਂ ਨੂੰ ਰੋਕ ਕੇ ਅੰਗਰੇਜ਼ੀ ਬੋਲਣ ਦੇ ਟੈਸਟ ਵੀ ਲੈ ਰਹੀ ਹੈ। ਹੁਣ ਤੱਕ 7,000 ਤੋਂ ਵੱਧ ਗੈਰ-ਅਮਰੀਕੀ ਟਰੱਕ ਡਰਾਈਵਰ ਇਸ ਟੈਸਟ ਵਿੱਚ ਫੇਲ੍ਹ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਹਨ।
ਇਸ ਵੇਲੇ ਸੰਯੁਕਤ ਰਾਜ ਅਮਰੀਕਾ ਵਿੱਚ 1,50,000 ਪੰਜਾਬੀ ਡਰਾਈਵਰ ਹਨ। ਅਮਰੀਕੀ ਟਰਾਂਸਪੋਰਟ ਸਕੱਤਰ ਸੀਨ ਡਫੀ ਦੇ ਅਨੁਸਾਰ 30 ਅਕਤੂਬਰ ਤੱਕ ਚੱਲੇ ਅੰਗਰੇਜ਼ੀ ਟੈਸਟ ਦੌਰਾਨ ਬਹੁਤ ਸਾਰੇ ਡਰਾਈਵਰ ਅੰਗਰੇਜ਼ੀ ਸਹੀ ਢੰਗ ਨਾਲ ਬੋਲਣ ਵਿੱਚ ਅਸਮਰੱਥ ਸਨ ਜਦੋਂ ਕਿ ਕੁਝ ਅੰਗਰੇਜ਼ੀ ਵਿੱਚ ਲਿਖੇ ਟ੍ਰੈਫਿਕ ਸੰਕੇਤਾਂ ਨੂੰ ਸਮਝਣ ਵਿੱਚ ਅਸਮਰੱਥ ਸਨ।
ਉਨ੍ਹਾਂ ਕਿਹਾ ਕਿ ਅਮਰੀਕੀ ਟ੍ਰਾਂਸਪੋਰਟ ਕਾਨੂੰਨ ਅਨੁਸਾਰ ਸਾਰੇ ਟਰੱਕ ਡਰਾਈਵਰਾਂ ਨੂੰ ਟ੍ਰੈਫਿਕ ਚਿੰਨ੍ਹ ਪੜ੍ਹਨੇ ਅਤੇ ਅੰਗਰੇਜ਼ੀ ਬੋਲਣਾ ਲਾਜ਼ਮੀ ਹੈ। ਇਸ ਤੋਂ ਬਿਨਾਂ ਉਹ ਲਾਇਸੈਂਸ ਪ੍ਰਾਪਤ ਨਹੀਂ ਕਰ ਸਕਦੇ। ਓਬਾਮਾ ਪ੍ਰਸ਼ਾਸਨ ਦੌਰਾਨ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਦੇ ਨਤੀਜੇ ਵਜੋਂ ਅੰਗਰੇਜ਼ੀ ਟੈਸਟ ਵਿੱਚ ਅਸਫਲ ਰਹਿਣ ਵਾਲੇ ਡਰਾਈਵਰਾਂ ਨੂੰ ਵੀ ਲਾਇਸੈਂਸ ਦਿੱਤੇ ਗਏ।
ਅਮਰੀਕਾ ‘ਚ ਹਾਦਸਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਟਰੰਪ ਸਰਕਾਰ ਨੇ ਲਗਭਗ ਦੋ ਮਹੀਨੇ ਪਹਿਲਾਂ ਹੀ ਭਾਰਤੀ ਡਰਾਈਵਰਾਂ ਲਈ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸਦਾ ਐਲਾਨ ਕੀਤਾ ਸੀ।

			