ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਬੀਡੇਨ ਵੱਲੋਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਕਮਲਾ ਹੈਰਿਸ ‘ਤੇ ਭੜਕ ਉੱਠੇ। ਦਰਅਸਲ ਟਰੰਪ ਦੇ ਵਿਰੋਧੀ ਉਮੀਦਵਾਰ ਜੋ ਬੀਡੇਨ ਵੱਲੋਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਗਿਆ ਹੈ। ਟਰੰਪ ਨੇ ਜੋ ਬੀਡੇਨ ਦੇ ਇਸ ਫੈਸਲੇ ਨੂੰ ‘ਬੇਹੱਦ ਅਜੀਬ ਤੇ ਜ਼ੋਖਮ ਭਰਿਆ’ ਦੱਸਿਆ ਹੈ।
ਰਾਸ਼ਟਰਪਤੀ ਟਰੰਪ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਕਮਲਾ ਹੈਰਿਸ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਹੈਰਿਸ ਨੂੰ ਅਮਰੀਕੀ ਸੈਨੇਟ ਦਾ ਸਭ ਤੋਂ ਜ਼ਿਆਦਾ ਡਰਾਵਣਾ ਮੈਂਬਰ ਦੱਸਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਬੀਡੇਨ ਨੇ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਟਰੰਪ ਨੇ ਪੁਰਾਣੀਆਂ ਗੱਲਾਂ ਦੇ ਹਵਾਲੇ ਨਾਲ ਕਿਹਾ ਕਿ ਬੀਡੇਨ ਦੀ ਚੋਣ ਬਹੁਤ ਹੀ ਗਲਤ ਹੈ।
ਦੱਸ ਦਈਏ ਕਿ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬੀਡੇਨ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਸੀ। ਹੈਰਿਸ ਦੇ ਪਿਤਾ ਅਫਰੀਕੀ ਤੇ ਮਾਂ ਭਾਰਤੀ ਹੈ। ਹੈਰਿਸ ਨੇ ਪਿਛਲੇ ਸਾਲ ਡੈਮੋਕ੍ਰੇਟਿਕ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਇਕ ਡਿਬੇਟ ‘ਚ ਬੀਡੇਨ ਦੀ ਕਾਫੀ ਆਲੋਚਨਾ ਕੀਤੀ ਸੀ। ਜਿਸ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹੁਣ ਅਚਾਨਕ ਉਹ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ ਤੇ ਕਹਿ ਰਹੀ ਹੈ ਬੀਡੇਨ ਕਿੰਨੇ ਮਹਾਨ ਹਨ।
ਇੱਥੇ ਦੱਸ ਦਈਏ ਕਿ ਜੇਕਰ ਕਮਲਾ ਹੈਰਿਸ ਉਪ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਹ ਇਹ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਤੇ ਅਫਰੀਕੀ ਉਪ ਰਾਸ਼ਟਰਪਤੀ ਹੋਵੇਗੀ।