ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾਣ ਦੀ ਸੰਭਾਵਨਾ ਲਗਦੀ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸੈਨੇਟ ‘ਚ ਡੈਮੋਕ੍ਰੇਟਸ ਕੋਲ ਉਚਿਤ ਗਿਣਤੀ ‘ਚ ਮੈਂਬਰ ਨਹੀਂ ਹੋਣਾ ਹੈ। ਏਨਾ ਹੀ ਨਹੀਂ, ਉਨ੍ਹਾਂ ਨੂੰ ਇਸ ਮੁੱਦੇ ‘ਤੇ ਰਿਪਬਲਿਕਨ ਦੀ ਹਮਾਇਤ ਵੀ ਨਹੀਂ ਮਿਲ ਸਕੀ। ਡੈਮੋਕ੍ਰੇਟਸ ਨੇ ਅਮਰੀਕੀ ਸੰਸਦ ‘ਚ ਹੋਈ ਹਿੰਸਾ ਨੂੰ ਭੜਕਾਉਣ ਦੇ ਦੋਸ਼ ‘ਚ ਟਰੰਪ ‘ਤੇ ਮਹਾਦੋਸ਼ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਸ ਲਈ ਸੈਨੇਟ ‘ਚ ਦੋ-ਤਿਹਾਈ ਵੋਟਾਂ ਦੀ ਲੋੜ ਹੈ।
ਦੱਸ ਦਈਏ ਇਸ ਸਮੇਂ 100 ਸੀਟਾਂ ਵਾਲੀ ਸੈਨੇਟ ‘ਚ ਡੈਮੋਕ੍ਰੇਟਸ ਤੇ ਰਿਪਬਲਿਕਨ ਦੇ 50-50 ਮੈਂਬਰ ਹਨ। ਟਰੰਪ ‘ਤੇ ਮਹਾਦੋਸ਼ ਦੀ ਕਾਰਵਾਈ ਚਲਾਉਣ ਲਈ 17 ਰਿਪਬਲਿਕਨ ਸੰਸਦ ਮੈਂਬਰਾਂ ਦੀ ਲੋੜ ਹੈ ਤਾਂ ਜੋ ਦੋ ਦਿਹਾਈ ਦੇ ਅੰਕੜੇ ਤਕ ਪੁੱਜਿਆ ਜਾ ਸਕੇ। ਅਮਰੀਕੀ ਇਤਿਹਾਸ ‘ਚ ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਖਿਲਾਫ਼ ਕਾਰਜਕਾਲ ਖਤਮ ਹੋਣ ਤੋਂ ਬਾਅਦ ਮਹਾਦੋਸ਼ ਦੀ ਕਰਵਾਈ ਹੋ ਰਹੀ ਹੈ। ਜੇ ਟਰੰਪ ਮਹਾਦੋਸ਼ ਦੀ ਕਾਰਵਾਈ ਤੋਂ ਬਚ ਜਾਂਦੇ ਹਨ ਤਾਂ ਅਜਿਹਾ ਦੂਜੀ ਵਾਰੀ ਹੋਵੇਗਾ ਜਦੋਂ ਸੈਨੇਟ ਤੋਂ ਉਨ੍ਹਾਂ ਨੂੰ ਰਾਹਤ ਮਿਲੇਗੀ।
ਰਿਪਬਲਿਕਨ ਸੈਨੇਟ ਜੌਨ ਬੋਜਮਨ ਨੇ 50 ਰਿਪਬਲਿਕਨ ਸੰਸਦ ਮੈਂਬਰਾਂ ‘ਚੋਂ 45 ਦੇ ਮਹਾਦੋਸ਼ ਕਾਰਵਾਈ ਖਿਲਾਫ਼ ਵੋਟਾਂ ਦੇਣ ਤੋਂ ਬਾਅਦ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਡੈਮੋਕ੍ਰੇਟਸ ਨੂੰ 17 ਮੈਂਬਰਾਂ ਦੀ ਹਮਾਇਤ ਮਿਲਣ ਵਾਲੀ ਹੈ। ਅਸਲ ‘ਚ ਰਿਪਬਲਿਕਨ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ਼ ਮਹਾਦੋਸ਼ ਦੀ ਕਰਵਾਈ ਕਰਨਾ ਗ਼ੈਰ-ਸੰਵਿਧਾਨਕ ਹੈ। ਰਿਪਬਲਿਕਨ ਸੈਨੇਟ ਕੈਵਿਨ ਕ੍ਰੈਮਰ ਨੇ ਕਿਹਾ ਕਿ ਸਾਨੂੰ ਮਹਾਦੋਸ਼ ਦੀ ਕਾਰਵਾਈ ‘ਚ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।