ਟੋਰਾਂਟੋ: ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਟਰੇਡ ਵਾਰ ਹੁਣ ਹੋਰ ਤਿੱਖਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਕੁਝ ਡੇਅਰੀ ਪ੍ਰੋਡਕਟ, ਸ਼ਰਾਬ ਅਤੇ ਮੋਟਰਸਾਈਕਲਾਂ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਬੈਨ 29 ਸਤੰਬਰ ਤੋਂ ਲਾਗੂ ਹੋਵੇਗਾ। ਇਹ ਫੈਸਲਾ ਕੈਨੇਡਾ ਵੱਲੋਂ ਅਮਰੀਕੀ ਸਮਾਨ ’ਤੇ 50 ਫ਼ੀਸਦੀ ਤੱਕ ਜਵਾਬੀ ਟੈਰਿਫ ਲਗਾਏ ਜਾਣ ਤੋਂ ਬਾਅਦ ਲਿਆ ਗਿਆ ਹੈ।
ਸ਼ਰਾਬ ਅਤੇ ਕੁਝ ਡੇਅਰੀ ਉਤਪਾਦਾਂ ’ਤੇ ਰੋਕ
ਟਰੰਪ ਦੇ ਹੁਕਮ ਮੁਤਾਬਕ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ ਅਤੇ ਅਲਕੋਹਲ-ਫ੍ਰੀ ਬੀਅਰ ਦੀ ਅਮਰੀਕਾ ਵਿੱਚ ਐਂਟਰੀ ’ਤੇ ਰੋਕ ਲੱਗੇਗੀ। ਇਸ ਤੋਂ ਇਲਾਵਾ ਦੁੱਧ ਤੋਂ ਬਣੇ ਕੁਝ ਉਤਪਾਦ ਵੀ ਅਮਰੀਕੀ ਬਾਜ਼ਾਰ ਵਿੱਚ ਨਹੀਂ ਆ ਸਕਣਗੇ।
ਅਮਰੀਕੀ ਅਧਿਕਾਰੀਆਂ ਮੁਤਾਬਕ ਬੈਨ ਨੂੰ ਸੀਮਤ ਰੱਖਿਆ ਗਿਆ ਹੈ, ਤਾਂ ਜੋ ਅਮਰੀਕੀ ਖਪਤਕਾਰਾਂ ਲਈ ਵਸਤੂਆਂ ਦੀਆਂ ਕੀਮਤਾਂ ਵਿੱਚ ਅਚਾਨਕ ਵੱਡਾ ਵਾਧਾ ਨਾ ਹੋਵੇ।
ਕੈਨੇਡਾ ਨੇ ਵੀ ਲਗਾਇਆ 50% ਤੱਕ ਟੈਰਿਫ
ਟਰੰਪ ਦੇ ਨਵੇਂ ਬੈਨ ਤੋਂ ਕੁਝ ਘੰਟੇ ਪਹਿਲਾਂ ਹੀ ਕੈਨੇਡਾ ਨੇ ਕਈ ਅਮਰੀਕੀ ਵਸਤੂਆਂ ’ਤੇ 50 ਫ਼ੀਸਦੀ ਤੱਕ ਜਵਾਬੀ ਟੈਰਿਫ ਲਾਗੂ ਕੀਤਾ ਸੀ। ਕੈਨੇਡਾ ਨੇ ਇਹ ਕਦਮ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੇ ਜਵਾਬ ਵਿੱਚ ਚੁੱਕਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀ ਵਪਾਰ ਨੀਤੀ ਦਾ ਵਿਰੋਧ ਕੀਤਾ ਹੈ। ਕੈਨੇਡਾ ਦਾ ਕਹਿਣਾ ਹੈ ਕਿ ਅਮਰੀਕਾ ਜਿੰਨੀ ਕੀਮਤ ਦੇ ਕੈਨੇਡੀਅਨ ਸਮਾਨ ’ਤੇ ਟੈਰਿਫ ਲਗਾਏਗਾ, ਲਗਭਗ ਉਸੇ ਮੁੱਲ ਦੇ ਅਮਰੀਕੀ ਸਮਾਨ ’ਤੇ ਜਵਾਬੀ ਟੈਕਸ ਲਗਾਇਆ ਜਾਵੇਗਾ।
ਟਰੰਪ ਦੀ ਨੀਤੀ-‘ਬਰਾਬਰੀ ਨਹੀਂ ਤਾਂ ਬਾਜ਼ਾਰ ’ਚ ਥਾਂ ਨਹੀਂ’
ਟਰੰਪ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਅਮਰੀਕੀ ਕਿਸਾਨਾਂ ਅਤੇ ਕੰਪਨੀਆਂ ਨੂੰ ਬਰਾਬਰ ਮੌਕਾ ਨਹੀਂ ਦਿੰਦਾ ਤਾਂ ਕੈਨੇਡੀਅਨ ਉਤਪਾਦਾਂ ਨੂੰ ਅਮਰੀਕਾ ਵਿੱਚ ਸਰਕਾਰੀ ਖਰੀਦ ਦਾ ਲਾਭ ਵੀ ਨਹੀਂ ਮਿਲੇਗਾ।
ਉਨ੍ਹਾਂ ਨੇ ਸਰਕਾਰੀ ਖਰੀਦ ਦੀ ਸੂਚੀ ਵਿੱਚੋਂ ਕੈਨੇਡਾ ਵਿੱਚ ਬਣੇ ਸਮਾਨ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਟਰੰਪ ਦਾ ਦੋਸ਼ ਹੈ ਕਿ ਕੈਨੇਡਾ ਅਮਰੀਕੀ ਕੰਪਨੀਆਂ ਨੂੰ ਆਪਣੇ ਸਰਕਾਰੀ ਠੇਕਿਆਂ ਵਿੱਚ ਸਮਾਨ ਵੇਚਣ ਦੀ ਬਰਾਬਰ ਸਹੂਲਤ ਨਹੀਂ ਦਿੰਦਾ, ਜਦਕਿ ਕੈਨੇਡੀਅਨ ਕੰਪਨੀਆਂ ਨੂੰ ਅਮਰੀਕਾ ਵਿੱਚ ਇਹ ਮੌਕਾ ਮਿਲਦਾ ਹੈ।
ਟਰੰਪ ਨੇ ਇਸ ਨੀਤੀ ਨੂੰ “ਨੋ ਰਿਸਿਪ੍ਰੋਸਿਟੀ-ਨੋ ਐਕਸੈੱਸ”, ਯਾਨੀ “ਬਰਾਬਰੀ ਨਹੀਂ ਤਾਂ ਪਹੁੰਚ ਨਹੀਂ” ਦਾ ਨਾਮ ਦਿੱਤਾ ਹੈ।
ਕੁਝ ਵਸਤੂਆਂ ’ਤੇ ਟੈਰਿਫ ਵਧੇ, ਕੁਝ ਨੂੰ ਰਾਹਤ
ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਕੁਝ ਉਤਪਾਦਾਂ ’ਤੇ ਟੈਰਿਫ ਦੇ ਨਿਯਮ ਵੀ ਬਦਲੇ ਹਨ। ਕੈਨੇਡਾ ਦੇ ਕਈ ਐਲੂਮੀਨੀਅਮ ਉਤਪਾਦਾਂ ’ਤੇ ਹੁਣ 50 ਫ਼ੀਸਦੀ ਟੈਰਿਫ ਲੱਗੇਗਾ।
ਦੂਜੇ ਪਾਸੇ, ਬੈੱਡਸ਼ੀਟਾਂ, ਮੱਛੀ ਫੜਨ ਵਾਲੀਆਂ ਛੜਾਂ ਅਤੇ ਟਾਇਲਟ ਪੇਪਰ ਵਿੱਚ ਵਰਤੇ ਜਾਣ ਵਾਲੇ ਟਿਸ਼ੂ ’ਤੇ ਲੱਗੇ ਕੁਝ ਸ਼ੁਲਕ ਹਟਾ ਦਿੱਤੇ ਗਏ ਹਨ।
18 ਮਹੀਨਿਆਂ ਤੋਂ ਜਾਰੀ ਹੈ ਅਮਰੀਕਾ-ਕੈਨੇਡਾ ਟਰੇਡ ਵਾਰ
ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਵਿਵਾਦ ਲਗਭਗ 18 ਮਹੀਨਿਆਂ ਤੋਂ ਚੱਲ ਰਿਹਾ ਹੈ। ਜੁਲਾਈ ਵਿੱਚ ਟਰੰਪ ਨੇ ਕੈਨੇਡਾ ’ਤੇ ਅਮਰੀਕੀ ਉਦਯੋਗਾਂ ਨਾਲ ਭੇਦਭਾਵ ਕਰਨ ਦਾ ਦੋਸ਼ ਲਗਾਇਆ ਸੀ।
ਇਸ ਤੋਂ ਬਾਅਦ ਟਰੰਪ ਨੇ ਇੱਕ ਪੁਰਾਣੇ ਕਾਨੂੰਨ ਦੀ ਵਰਤੋਂ ਕਰਦਿਆਂ ਕੁਝ ਕੈਨੇਡੀਅਨ ਉਤਪਾਦਾਂ ’ਤੇ 50 ਫ਼ੀਸਦੀ ਤੱਕ ਟੈਰਿਫ ਲਗਾਉਣ ਦਾ ਫੈਸਲਾ ਕੀਤਾ। ਦੋਵਾਂ ਦੇਸ਼ਾਂ ਵਿਚਾਲੇ ਕਈ ਮਹੀਨੇ ਗੱਲਬਾਤ ਚੱਲਦੀ ਰਹੀ, ਪਰ 21 ਅਗਸਤ ਨੂੰ ਇਹ ਗੱਲਬਾਤ ਟੁੱਟ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਟੈਰਿਫ ਵਾਰ ਹੋਰ ਤੇਜ਼ ਹੋ ਗਿਆ ਹੈ।

