ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਆਰਥਿਕ ਕਾਰਵਾਈ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਈਰਾਨ ਨੇ ਸਮਝੌਤੇ ਦਾ ਮੌਕਾ ਗੁਆ ਦਿੱਤਾ ਹੈ ਅਤੇ ਹੁਣ ਉਸ ਨੂੰ ਆਰਥਿਕ ਤੌਰ ’ਤੇ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਈਰਾਨ ਦੀ ਮਦਦ ਕਰਨ ਵਾਲੇ ਦੇਸ਼ਾਂ ਅਤੇ ਸੰਸਥਾਵਾਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ। ਇਸ ਦੇ ਦਾਇਰੇ ਵਿੱਚ ਬੈਂਕਾਂ, ਕੰਪਨੀਆਂ, ਹਵਾਈ ਅੱਡਿਆਂ ਅਤੇ ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਤੇਲ ਤਸਕਰੀ ਨੈੱਟਵਰਕ ’ਤੇ ਹੋਵੇਗੀ ਕਾਰਵਾਈ
ਅਮਰੀਕਾ ਵੱਲੋਂ ਈਰਾਨ ਦੇ ਤੇਲ ਤਸਕਰੀ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਕੈਸ਼ ਟਰਾਂਸਫਰ, ਕਰੰਸੀ ਐਕਸਚੇਂਜ, ਜਹਾਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਫਰਜ਼ੀ ਕੰਪਨੀਆਂ ਰਾਹੀਂ ਈਰਾਨ ਤੱਕ ਪਹੁੰਚਣ ਵਾਲੀ ਆਰਥਿਕ ਮਦਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਟਰੰਪ ਨੇ ਅਮਰੀਕਾ ਦੀ ਇਸ ਨਵੀਂ ਆਰਥਿਕ ਕਾਰਵਾਈ ਨੂੰ ‘ਇਕਨਾਮਿਕ ਡੀ-ਡੇ’ ਕਰਾਰ ਦਿੱਤਾ ਹੈ। ਸੌਖੇ ਸ਼ਬਦਾਂ ਵਿੱਚ ਇਸ ਦਾ ਮਤਲਬ ਈਰਾਨ ’ਤੇ ਵੱਡਾ ਆਰਥਿਕ ਦਬਾਅ ਬਣਾਉਣਾ ਹੈ।
ਟਰੰਪ ਦਾ ਈਰਾਨ ਦੀ ਫੌਜ ਬਾਰੇ ਦਾਅਵਾ
ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਜਲ ਸੈਨਾ ਅਤੇ ਹਵਾਈ ਸੈਨਾ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਉਸ ਦੇ ਕਈ ਫੌਜੀ ਕਾਰਖਾਨੇ ਤਬਾਹ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਦੀ ਕਰੰਸੀ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਹੋਰ ਦੇਸ਼ਾਂ ਨੂੰ ਵੀ ਈਰਾਨ ਦੀ ਮਦਦ ਬੰਦ ਕਰਨ ਅਤੇ ਇਸ ਮੁਹਿੰਮ ਵਿੱਚ ਅਮਰੀਕਾ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।
ਈਰਾਨ ਦੇ ਤੇਲ ਕਾਰੋਬਾਰ ’ਤੇ ਪੈ ਸਕਦਾ ਹੈ ਵੱਡਾ ਅਸਰ
ਨਵੀਂ ਅਮਰੀਕੀ ਕਾਰਵਾਈ ਦਾ ਸਭ ਤੋਂ ਵੱਡਾ ਅਸਰ ਈਰਾਨ ਦੇ ਤੇਲ ਕਾਰੋਬਾਰ ਅਤੇ ਪੈਸੇ ਦੇ ਲੈਣ-ਦੇਣ ’ਤੇ ਪੈ ਸਕਦਾ ਹੈ। ਈਰਾਨ ਦੀ ਆਮਦਨ ਦਾ ਵੱਡਾ ਹਿੱਸਾ ਤੇਲ ਦੀ ਵਿਕਰੀ ਤੋਂ ਆਉਂਦਾ ਹੈ।
ਜੇਕਰ ਹੋਰ ਦੇਸ਼, ਬੈਂਕ ਅਤੇ ਕੰਪਨੀਆਂ ਅਮਰੀਕੀ ਕਾਰਵਾਈ ਦੇ ਡਰ ਕਾਰਨ ਈਰਾਨ ਨਾਲ ਆਪਣਾ ਕਾਰੋਬਾਰ ਘਟਾਉਂਦੇ ਹਨ ਤਾਂ ਈਰਾਨ ਲਈ ਤੇਲ ਵੇਚਣਾ ਅਤੇ ਵਿਦੇਸ਼ਾਂ ਤੋਂ ਪੈਸਾ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ।
ਤੇਲ ਦੀ ਤਸਕਰੀ ਕਿਵੇਂ ਹੁੰਦੀ ਹੈ?
ਈਰਾਨ ਵੱਲੋਂ ਤੇਲ ਵੇਚਣ ਸਮੇਂ ਸਿੱਧੇ ਆਪਣੇ ਨਾਮ ਨਾਲ ਕਾਰੋਬਾਰ ਕਰਨ ਦੀ ਬਜਾਏ ਵਿਚੋਲਿਆਂ, ਹੋਰ ਕੰਪਨੀਆਂ ਅਤੇ ਵੱਖ-ਵੱਖ ਸ਼ਿਪਿੰਗ ਨੈੱਟਵਰਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਕਾਰੋਬਾਰ ਨੂੰ ਟਰੈਕ ਕਰਨਾ ਮੁਸ਼ਕਲ ਹੋਵੇ।
ਤੇਲ ਵੇਚਣ ਤੋਂ ਬਾਅਦ ਉਸ ਦੀ ਕਮਾਈ ਨੂੰ ਈਰਾਨ ਤੱਕ ਪਹੁੰਚਾਉਣਾ ਅਹਿਮ ਹਿੱਸਾ ਹੁੰਦਾ ਹੈ। ਇਸ ਲਈ ਬੈਂਕਿੰਗ ਚੈਨਲ, ਕਰੰਸੀ ਐਕਸਚੇਂਜ, ਵਿਚੋਲੇ ਅਤੇ ਕੈਸ਼ ਟਰਾਂਸਫਰ ਵਰਗੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੂਰੀ ਆਰਥਿਕ ਚੇਨ ਤੋੜਨ ਦੀ ਕੋਸ਼ਿਸ਼
ਅਮਰੀਕਾ ਸਿਰਫ਼ ਤੇਲ ਦੀ ਵਿਕਰੀ ’ਤੇ ਹੀ ਨਹੀਂ, ਸਗੋਂ ਉਨ੍ਹਾਂ ਜਹਾਜ਼ਾਂ, ਕੰਪਨੀਆਂ ਅਤੇ ਵਿੱਤੀ ਨੈੱਟਵਰਕਾਂ ’ਤੇ ਵੀ ਕਾਰਵਾਈ ਕਰਨਾ ਚਾਹੁੰਦਾ ਹੈ ਜੋ ਇਸ ਕਾਰੋਬਾਰ ਵਿੱਚ ਮਦਦ ਕਰਦੇ ਹਨ।
ਇਸ ਦਾ ਮੁੱਖ ਮਕਸਦ ਈਰਾਨ ਲਈ ਤੇਲ ਵੇਚਣਾ, ਪੈਸਾ ਹਾਸਲ ਕਰਨਾ ਅਤੇ ਅਮਰੀਕੀ ਕਾਰਵਾਈ ਤੋਂ ਬਚ ਕੇ ਆਪਣਾ ਆਰਥਿਕ ਨੈੱਟਵਰਕ ਚਲਾਉਣਾ ਮੁਸ਼ਕਲ ਬਣਾਉਣਾ ਹੈ।

