ਟਰੰਪ ਵੱਲੋਂ ਕੈਨੇਡਾ ਨੂੰ ਵੱਡਾ ਝਟਕਾ! 50% ਨਵਾਂ ਟੈਰਿਫ਼ ਲਗਾਉਣ ਦਾ ਐਲਾਨ; ਜਾਣੋ ਕੀ ਪਵੇਗਾ ਅਸਰ?

Global Team
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਜ਼ਿਆਦਾਤਰ ਸਾਮਾਨ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇਸ ਫ਼ੈਸਲੇ ਲਈ ਕੈਨੇਡਾ ਦੇ ਹਾਲੀਆ ਕਦਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਦਾ ਆਰੋਪ ਹੈ ਕਿ ਕੈਨੇਡਾ ਅਮਰੀਕੀ ਸ਼ਰਾਬ, ਆਟੋਮੋਬਾਈਲ ਅਤੇ ਡੇਅਰੀ ਉਤਪਾਦਾਂ ਨਾਲ ਵਿਤਕਰੇਪੂਰਨ ਵਿਵਹਾਰ ਕਰ ਰਿਹਾ ਹੈ। ਨਵਾਂ ਟੈਰਿਫ਼ 30 ਦਿਨਾਂ ਬਾਅਦ ਲਾਗੂ ਹੋਵੇਗਾ।

ਵਾਈਟ ਹਾਊਸ ਦੇ ਮੁਤਾਬਕ ਐਨਰਜੀ , ਪੋਟਾਸ਼ ਅਤੇ ਪਹਿਲਾਂ ਤੋਂ ਸੈਕਟਰ-ਵਿਸ਼ੇਸ਼ ਟੈਰਿਫ਼ ਦੇ ਘੇਰੇ ਵਿੱਚ ਆਉਣ ਵਾਲੇ ਉਤਪਾਦਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ USMCA (ਅਮਰੀਕਾ-ਮੈਕਸੀਕੋ-ਕੈਨੇਡਾ ਮੁਫ਼ਤ ਵਪਾਰ ਸਮਝੌਤਾ) ਦੇ ਤਹਿਤ ਆਉਣ ਵਾਲੇ ਕਈ ਉਤਪਾਦ ਵੀ ਹੁਣ ਇਸ ਨਵੇਂ ਟੈਰਿਫ਼ ਦੇ ਘੇਰੇ ਵਿੱਚ ਆਉਣਗੇ।

ਟਰੰਪ ਨੇ ਇਸ ਫ਼ੈਸਲੇ ਲਈ 1930 ਦੇ ਟੈਰਿਫ਼ ਐਕਟ ਦੀ ਧਾਰਾ-338 ਦੀ ਵਰਤੋਂ ਕੀਤੀ ਹੈ। ਮਾਹਰਾਂ ਦੇ ਮੁਤਾਬਕ, ਕਿਸੇ ਅਮਰੀਕੀ ਰਾਸ਼ਟਰਪਤੀ ਨੇ ਪਹਿਲੀ ਵਾਰ ਇਸ ਪ੍ਰਬੰਧ ਦੇ ਤਹਿਤ ਟੈਰਿਫ਼ ਲਗਾਉਣ ਦਾ ਹੁਕਮ ਦਿੱਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਗੱਲਬਾਤ ਤੇਜ਼ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਮਰੀਕਾ ਪਹਿਲਾਂ ਵੀ USMCA ਦੀ ਉਲੰਘਣਾ ਕਰਦੇ ਹੋਏ ਇੱਕਤਰਫ਼ਾ ਟੈਰਿਫ਼ ਲਗਾਉਂਦਾ ਰਿਹਾ ਹੈ ਅਤੇ ਕੈਨੇਡਾ ਨੇ ਸਿਰਫ਼ ਉਸ ਦਾ ਜਵਾਬ ਦਿੱਤਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਇਸ ਕਦਮ ਨਾਲ ਆਰਥਿਕ ਉਥਲ-ਪੁਥਲ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਖ਼ਰਾਬ ਹੋ ਸਕਦੇ ਹਨ। ਅਮਰੀਕਾ ਅਤੇ ਕੈਨੇਡਾ ਕਰੀਬੀ ਸਹਿਯੋਗੀ ਰਹੇ ਹਨ, ਪਰ ਡੋਨਾਲਡ ਟਰੰਪ ਦੇ ਦੂਜੇ (ਮੌਜੂਦਾ) ਕਾਰਜਕਾਲ ਵਿੱਚ ਰਿਸ਼ਤਿਆਂ ਵਿੱਚ ਕੜਵਾਹਟ ਆਈ ਹੈ। ਅਮਰੀਕੀ ਸ਼ਰਾਬ ਉਦਯੋਗ ਨੇ ਵੀ ਚਿੰਤਾ ਜਤਾਈ ਹੈ ਕਿ ਜਵਾਬੀ ਕਾਰਵਾਈ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰ ਅਤੇ ਹਾਸਪਿਟੈਲਿਟੀ ਸੈਕਟਰ ‘ਤੇ ਅਸਰ ਪੈ ਸਕਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment