ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਈਰਾਨ ਨੀਤੀ ਨੂੰ ਲੈ ਕੇ ਵੱਡਾ ਸਿਆਸੀ ਝਟਕਾ ਲੱਗਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਨੇ ਈਰਾਨ ਵਿਰੁੱਧ ਕਿਸੇ ਵੀ ਹੋਰ ਫੌਜੀ ਕਾਰਵਾਈ ‘ਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਦੀ ਮੰਗ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਹੈ।
ਟਰੰਪ ਨੇ ਇਸ ਮਤੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ। ਇਹ ਮਤਾ ਬੁੱਧਵਾਰ ਨੂੰ ਪ੍ਰਤੀਨਿਧੀ ਸਭਾ ਵਿੱਚ 215 ਦੇ ਮੁਕਾਬਲੇ 208 ਵੋਟਾਂ ਨਾਲ ਪਾਸ ਹੋ ਗਿਆ ਹੈ। ਚਾਰ ਰਿਪਬਲਿਕਨ ਸੰਸਦ ਮੈਂਬਰ ਵੀ ਇਸ ਮਤੇ ਦੇ ਹੱਕ ਵਿੱਚ ਵੋਟ ਪਾਉਣ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਸਾਥ ਦਿਤਾ ਹੈ। ਇਹ ਮਤਾ ਹੁਣ ਹੋਰ ਵਿਚਾਰ ਲਈ ਸੈਨੇਟ ਵਿੱਚ ਭੇਜਿਆ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਇਸ ਮਤੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ “ਅਰਥਹੀਣ ਵੋਟ” ਸੀ ਜੋ ਉਸ ਸਮੇਂ ਆਈ ਜਦੋਂ ਉਹ ਈਰਾਨ ਨਾਲ ਯੁੱਧ ਖਤਮ ਕਰਨ ਲਈ ਗੱਲਬਾਤ ਦੇ ਆਖਰੀ ਪੜਾਅ ਵਿੱਚ ਹਨ। ਟਰੰਪ ਨੇ ਲਿਖਿਆ ਕੱਲ੍ਹ ਪ੍ਰਤੀਨਿਧੀ ਸਭਾ ਨੇ ਇੱਕ ਅਰਥਹੀਣਮਤਦਾਨ ਕੀਤਾ।
ਅਮਰੀਕੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਡੈਮੋਕ੍ਰੇਟ ਸਿਰਫ਼ ਰਾਜਨੀਤਿਕ ਕਾਰਨਾਂ ਕਰਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਰਾਸ਼ਟਰੀ ਹਿੱਤ ਨਾਲੋਂ ਉਨ੍ਹਾਂ ਦੀ ਰਾਜਨੀਤਿਕ ਹਾਰ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਨ੍ਹਾਂ ਨੇ ਚਾਰ ਰਿਪਬਲਿਕਨ ਸੰਸਦ ਮੈਂਬਰਾਂ – ਥਾਮਸ ਮੈਸੀ, ਬ੍ਰਾਇਨ ਫਿਟਜ਼ਪੈਟ੍ਰਿਕ, ਟੌਮ ਬੈਰੇਟ ਅਤੇ ਵਾਰਨ ਡੇਵਿਡਸਨ – ਦੀ ਵੀ ਆਲੋਚਨਾ ਕੀਤੀ ਜਿਨ੍ਹਾਂ ਨੇ ਮਤੇ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਸਿਰਫ਼ ਇੱਕ ਰਾਜਨੀਤਿਕ ਦਿਖਾਵਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ‘ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ।
ਡੈਮੋਕ੍ਰੇਟਿਕ ਅਗਵਾਈ ਵਾਲੇ ਇਸ ਮਤੇ ਦਾ ਉਦੇਸ਼ ਰਾਸ਼ਟਰਪਤੀ ਦੀ ਈਰਾਨ ਵਿਰੁੱਧ ਫੌਜੀ ਕਾਰਵਾਈ ਕਰਨ ਦੀ ਸ਼ਕਤੀ ਨੂੰ ਸੀਮਤ ਕਰਨਾ ਹੈ। ਮਤੇ ਦੇ ਅਨੁਸਾਰ, ਈਰਾਨ ਵਿਰੁੱਧ ਫੌਜੀ ਕਾਰਵਾਈ ਉਦੋਂ ਤੱਕ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਤੱਕ ਅਮਰੀਕੀ ਕਾਂਗਰਸ ਦੁਆਰਾ ਰਸਮੀ ਤੌਰ ‘ਤੇ ਅਧਿਕਾਰਤ ਨਾ ਕੀਤਾ ਜਾਵੇ। ਇਹ ਮਤਾ ਅਮਰੀਕਾ ਅਤੇ ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਈਰਾਨ ਵਿਰੁੱਧ ਸਾਂਝੇ ਫੌਜੀ ਹਮਲੇ ਦੀ ਸ਼ੁਰੂਆਤ ਤੋਂ ਲਗਭਗ ਤਿੰਨ ਮਹੀਨੇ ਬਾਅਦ ਆਇਆ ਹੈ। ਇਸਨੂੰ ਟਰੰਪ ਪ੍ਰਸ਼ਾਸਨ ਦੀ ਯੁੱਧ ਨੀਤੀ ਵਿਰੁੱਧ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਕਾਂਗਰਸ ਦੀ ਕਾਰਵਾਈ ਮੰਨਿਆ ਜਾਂਦਾ ਹੈ।

