ਵਾਸ਼ਿੰਗਟਨ : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਹੌਲੀ ਪੈਣ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਨਾਰਾਜ਼ ਹਨ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਸ ਪ੍ਰਤੀਕਿਰਿਆ ਨੂੰ ਤੇਜ਼ ਕਰਨ ਲਈ ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਉਨ੍ਹਾਂ 6 ਲੱਖ ਬੱਚਿਆਂ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਇੰਮੀਗ੍ਰੇਸ਼ਨ ਅਦਾਲਤਾਂ ਵਲੋਂ ਜਾਰੀ ਕੀਤੇ ਗਏ ਇੱਕ ਅੰਕੜੇ ਮੁਤਾਬਕ 31 ਹਜ਼ਾਰ ਨਾਬਾਲਗ ਸੁਣਵਾਈ ਦੌਰਾਨ ਗੈਰਹਾਜ਼ਰ ਰਹੇ ਹਨ ਅਤੇ ਹੁਣ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਡਿਪੋਰਟ ਕਰਨ ਲਈ ICE ਨੂੰ ਆਦੇਸ਼ ਮਿਲ ਗਏ ਹਨ। ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਦਾ ਕਹਿਣਾ ਹੈ ਕਿ ਬਾਇਡਨ ਦੇ ਕਾਰਜਕਾਲ ਦੌਰਾਨ 3 ਲੱਖ ਬੱਚਿਆਂ ਨੇ ਬਗੈਰ ਮਾਪਿਆਂ ਤੋਂ ਅਮਰੀਕਾ ਦੀ ਸਰਹੱਦ ਪਾਰ ਕੀਤੀ ਜਦਕਿ ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ 2019 ਮਗਰੋਂ 6 ਲੱਖ ਤੋਂ ਵੱਧ ਪਰਵਾਸੀ ਬੱਚੇ ਮੈਕਸੀਕੋ ਦਾ ਬਾਰਡਰ ਪਾਰ ਕਰ ਕੇ ਅਮਰੀਕਾ ਵਿਚ ਦਾਖਲ ਹੋਏ। ਇਨ੍ਹਾਂ ਵਿਚੋਂ ਹਜ਼ਾਰਾਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਅਤੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ ਫਿਲਹਾਲ ਇਸ ਮੁੱਦੇ ’ਤੇ ਕੋਈ ਹੁੰਗਾਰਾ ਨਹੀਂ ਦਿਤਾ ਗਿਆ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨ ਦੀ ਨੀਤੀ ਅਖਤਿਆਰ ਕੀਤੀ ਗਈ।
ਇਸ ਤਰੀਕੇ ਨਾਲ ਕਾਬੂ ਕੀਤੇ ਬੱਚਿਆਂ ਨੂੰ ਆਫਿਸ ਆਫ਼ ਰਫਿਊਜੀ ਰਿਸੈਟਲਮੈਂਟ ਵੱਲੋਂ ਚਲਾਏ ਜਾਂਦੇ ਸ਼ੈਲਟਰਜ਼ ਵਿਚ ਰੱਖਿਆ ਜਾਂਦਾ ਜਦਕਿ ਮਾਪਿਆਂ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚ ਕੇਂਦਰਾਂ ਵਿਚ ਰੱਖਣ ਮਗਰੋਂ ਡਿਪੋਰਟ ਕਰ ਦਿੱਤਾ ਜਾਂਦਾ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਬੱਚਿਆਂ ਨੂੰ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਪੇਸ਼ ਹੋਣ ਜਾਂ ਡਿਪੋਰਟ ਹੋਣ ਲਈ ਤਿਆਰ ਬਰ ਰਹਿਣ ਦੇ ਹੁਕਮ ਦਿਤੇ ਗਏ।
ਇਸ ਤੋਂ ਇਲਾਵਾ ਦੂਜੇ ਪਾਸੇ ਸਰਕਾਰੀ ਦਸਤਾਵੇਜ਼ਾਂ ਵਿਚ ਇਹ ਵੀ ਕਿਹਾ ਗਿਆ ਕਿ ਨਾਬਾਲਗ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਜੋ ਫਰਾਰ ਹੋਣ ਦਾ ਖਤਰਾ, ਲੋਕ ਸੁਰੱਖਿਆ ਅਤੇ ਬਾਰਡਰ ਸੁਰੱਖਿਆ ਨਾਲ ਸਬੰਧਤ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।