ਕੈਨੇਡਾ ਯੂਕਰੇਨ ਨੂੰ ਦਵੇਗਾ ਹੋਰ ਫੌਜੀ ਸਹਾਇਤਾ : ਟਰੂਡੋ

Rajneet Kaur
2 Min Read

ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੰਗਲਵਾਰ ਨੂੰ ਟੋਰਾਂਟੋ ਵਿੱਚ ਆਪਣੇ ਯੂਕਰੇਨੀ ਹਮਰੁਤਬਾ ਡੈਨਿਸ ਸ਼ਮਾਈਹੈਲ ਨਾਲ ਦੁਵੱਲੀ ਬੈਠਕ ਹੋਈ । ਇਸ ਦੌਰਾਨ ਕੈਨੇਡਾ ਨੇ ਯੂਕਰੇਨ ਨੂੰ ਨਵੀਂ ਫ਼ੌਜੀ ਅਤੇ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਵੱਲੋਂ ਯੂਕਰੇਨ ਨੂੰ ਹਜ਼ਾਰਾਂ ਮਾਰੂ ਰਾਈਫ਼ਲਾਂ ਭੇਜੀਆਂ ਜਾ ਰਹੀਆਂ ਹਨ। ਫ਼ੈਡਰਲ ਸਰਕਾਰ ਯੂਕਰੇਨ ਲਈ 21,000 ਅਸੌਲਟ ਰਾਈਫ਼ਲਾਂ, ਮਸ਼ੀਨ ਗੰਨਜ਼ ਅਤੇ ਗੋਲੀਆਂ ਖ਼ਰੀਦ ਕੇ ਭੇਜੇਗੀ। ਇਹ ਹਥਿਆਰ ਅਤੇ ਗੋਲੀਆਂ ਓਂਟਾਰੀਓ ਦੇ ਕਿਚਨਰ ‘ਚ ਸਥਿਤ ਹਥਿਆਰ ਨਿਰਮਾਤਾ ਕੋਲਟ ਕੈਨੇਡਾ ਤੋਂ ਖ਼ਰੀਦੇ ਜਾਣਗੇ। ਟਰੂਡੋ ਨੇ ਕਿਹਾ ਕਿ ਪਿਛਲੇ ਮਹੀਨੇ ਬਜਟ ਵਿਚ ਯੂਕਰੇਨ ਲਈ ਐਲਾਨਿਆ 2.4 ਬਿਲੀਅਨ ਡਾਲਰ ਦਾ ਲੋਨ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ  ਕਿਹਾ ਕਿ ਇਸ ਪੈਸੇ ਦੀ ਵਰਤੋਂ ਯੂਕਰੇਨ ਸਰਕਾਰ ਜ਼ਰੂਰੀ ਸੇਵਾਵਾਂ ਜਿਵੇਂ ਕਿ ਪੈਨਸ਼ਨ ਭੁਗਤਾਨ, ਈਂਧਨ ਦੀ ਖ਼ਰੀਦ ਅਤੇ ਨੁਕਸਾਨੇ ਗਏ ਊਰਜਾ ਢਾਂਚੇ ਦੀ ਮੁਰੰਮਤ ਲਈ ਕਰੇਗੀ।

ਟਰੂਡੋ ਅਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਹਲ ਨੇ ਮੌਜੂਦਾ ਕੈਨੇਡਾ-ਯੂਕਰੇਨ ਮੁਕਤ ਵਪਾਰ ਸੌਦੇ ਨੂੰ ਅਪਡੇਟ ਕਰਨ ਦੇ ਨਾਲ-ਨਾਲ ਯੂਕਰੇਨੀ ਅਤੇ ਕੈਨੇਡੀਅਨ ਨੌਜਵਾਨਾਂ ਨੂੰ ਦੋਵਾਂ ਦੇਸ਼ਾਂ ਵਿੱਚ ਕੰਮ ਕਰਨ ਅਤੇ ਯਾਤਰਾ ਕਰਨ ਵਿੱਚ ਮਦਦ ਕਰਨ ਲਈ ਇੱਕ ਨਵੇਂ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਕੈਨੇਡਾ ਨੇ 14 ਰੂਸੀ ਵਿਅਕਤੀਆਂ ਅਤੇ 34 ਰੂਸੀ ਸੰਸਥਾਵਾਂ ਦੇ ਨਾਲ-ਨਾਲ ਬੇਲਾਰੂਸ ਦੇ ਵਿੱਤੀ ਖੇਤਰ ਨਾਲ ਜੁੜੀਆਂ 9 ਸੰਸਥਾਵਾਂ ‘ਤੇ ਵੀ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਦੋਵੇਂ ਲੀਡਰਾਂ ਨੇ ਸਸਕੈਟੂਨ-ਅਧਾਰਿਤ ਕੈਮੇਕੋ ਅਤੇ ਯੂਕਰੇਨ ਦੀ ਸਰਕਾਰੀ ਮਾਲਕੀ ਵਾਲੀ ਐਨਰਗੋਆਟੋਮ ਦਰਮਿਆਨ ਪਹਿਲਾਂ ਐਲਾਨੇ ਗਏ ਸਮਝੌਤੇ ਦਾ ਵੀ ਜ਼ਿਕਰ ਕੀਤਾ ਹੈ। ਕੈਮੇਕੋ 2035 ਤੱਕ ਯੂਕਰੇਨ ਦੇ ਪਰਮਾਣੂ ਪਾਵਰ ਸਟੇਸ਼ਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯੂਰੇਨੀਅਮ ਦੀ ਸਪਲਾਈ ਕਰੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment