ਓਨਟਾਰੀਓ : ਕੈਨੇਡਾ ਰਹਿੰਦੇ ਬਰੈਂਪਟਨ ਦੇ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਹਰਵਿੰਦਰ ਨੂੰ 35 ਲੱਖ ਡਾਲਰ ਮੁੱਲ ਦੀ 62 ਕਿੱਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲਿਆਉਣ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ। ਜੱਜ ਨੇ ਹਰਵਿੰਦਰ ਸਿੰਘ ਨੂੰ ਸਜ਼ਾ ਦਾ ਐਲਾਨ ਕਰਦਿਆਂ ਕਿ ਇਹ ਬਹੁਤ ਹੀ ਗਲਤ ਹਰਕਤ ਸੀ ਤੇ ਇਸ ਲਈ ਕੀਮਤ ਵੀ ਚੁਕਾਉਣੀ ਪਵੇਗੀ, ਕਿਉਂਕਿ ਇਹ ਬਹੁਤ ਗੰਭੀਰ ਅਪਰਾਧ ਹੈ। ਇਸ ਤੋਂ ਇਲਾਵਾ ਜੱਜ ਨੇ ਅੱਗੇ ਕਿਹਾ ਕਿ ਹਰ ਚੀਜ਼ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਅਤੇ ਨਸ਼ਾ ਲਿਆਉਣ ਦਾ ਮਕਸਦ ਡਾਲਰ ਕਮਾਉਣਾ ਸੀ।
ਹਰਵਿੰਦਰ ਸਿੰਘ ਇਹ ਗੱਲ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਅਤੇ ਉਸ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਗੈਰਕਾਨੂੰਨੀ ਹੈ। ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਨੂੰ 31 ਮਾਰਚ 2021 ਨੂੰ ਬਲੂ ਵਾਟਰ ਬ੍ਰਿਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਅਮਰੀਕਾ ਦੇ ਮਿਸ਼ੀਗਨ ਸੂਬੇ ਅਤੇ ਓਨਟਾਰੀਓ ਦੇ ਸਾਰਨੀਆ ਸ਼ਹਿਰ ਨੂੰ ਆਪਸ ‘ਚ ਜੋੜਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਹਰਵਿੰਦਰ ਸਿੰਘ ਦੇ ਟਰੱਕ ਦੀ ਤਲਾਸ਼ੀ ਦੌਰਾਨ ਦੋ ਸੂਟਕੇਸ ਮਿਲੇ, ਜਿਨ੍ਹਾਂ ਵਿਚੋਂ 62 ਕਿਲੋ ਕੋਕੀਨ ਨਿੱਕਲੀ।
ਅਮਰੀਕਾ ਤੋਂ ਕੈਨੇਡਾ ਪਰਤ ਰਹੇ ਹਰਵਿੰਦਰ ਸਿੰਘ ਦੇ ਟਰੱਕ ਦੀ ਦੂਜੀ ਵਾਰ ਤਲਾਸ਼ੀ ਲੈਣ ‘ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ। ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਰਾਤੋ-ਰਾਤ ਅਮੀਰ ਬਣਨ ਲਈ ਬਰੈਂਪਟਨ ਦੇ ਹਰਵਿੰਦਰ ਸਿੰਘ ਨੇ ਕਈ ਆਨਲਾਈਨ ਲੇਖ ਪੜ੍ਹੇ ਜਿਨ੍ਹਾਂ ਵਿਚ ਨਸ਼ਿਆਂ ਦੀ ਖੇਪ ਬਾਰਡਰ ਪਾਰ ਲਿਜਾਣ ‘ਤੇ ਹੋਣ ਵਾਲੀ ਕਮਾਈ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ। ਉਧਰ ਹਰਵਿੰਦਰ ਸਿੰਘ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਸੀ ਕਿ ਇਹ ਲੇਖ ਉਸ ਦੇ ਦੋਸਤਾਂ ਨੇ ਗਰੁੱਪ ਚੈਟ ਰਾਹੀਂ ਭੇਜੇ ਸਨ ਪਰ ਉਸ ਨੇ ਕਦੇ ਇਹ ਲੇਖ ਨਹੀ ਪੜ੍ਹੇ। ਹਰਵਿੰਦਰ ਸਿੰਘ ਦੇ ਵਕੀਲ ਗੁਰਪ੍ਰੀਤ ਧਾਲੀਵਾਲ ਨੇ ਦਲੀਲ ਦਿਤੀ ਕਿ ਉਸ ਦੇ ਮੁਵੱਕਲ ਨੂੰ ਸੂਟਕੇਸ ਵਿਚ ਮੌਜੂਦ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।