ਚੀਨ ‘ਚ ਕਰੋੜਾਂ ਲੋਕ ਲਾਕਡਾਊਨ ਕਾਰਨ ਘਰਾਂ ‘ਚ ਬੰਦ, ਭੂਚਾਲ ਦੌਰਾਨ ਵੀ ਨਹੀਂ ਨਿੱਕਲਣ ਦਿੱਤਾ ਗਿਆ ਬਾਹਰ

Global Team
1 Min Read

ਨਿਊਜ਼ ਡੈਸਕ: ਕੋਰੋਨਾ ਦੇ ਕਹਿਰ ਵਿਚਾਲੇ ਚੀਨ ਆਪਣੇ ਨਾਗਰਿਕਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਿਹਾ ਹੈ। ਦੇਸ਼ ਦੇ 6.50 ਕਰੋੜ ਨਾਗਰਿਕਾਂ ਨੂੰ ਕੋਵਿਡ ਦੀਆਂ ਸਖ਼ਤ ਪਾਬੰਦੀਆਂ ਦੇ ਤਹਿਤ ਘਰਾਂ ਦੇ ਅੰਦਰ ਹੀ ਬੰਦ ਰਹਿਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਆਉਣ ਵਾਲੀਆਂ ਸਾਰੀਆਂ ਰਾਸ਼ਟਰੀ ਛੁੱਟੀਆਂ ‘ਤੇ ਘਰੇਲੂ ਯਾਤਰਾ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਚੀਨ ਦੀ ਬਿਜ਼ਨਸ ਮੈਗਜ਼ੀਨ ‘ਕੈਸ਼ਿਨ’ ‘ਚ ਐਤਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਦੇਸ਼ ਦੀਆਂ 7 ਸੂਬਾਈ ਰਾਜਧਾਨੀਆਂ ਸਣੇ 33 ਸ਼ਹਿਰ ਤਾਲਾਬੰਦੀ ਦੇ ਅਧੀਨ ਹਨ। ਇਸ ਕਾਰਨ ਇੱਥੇ ਰਹਿਣ ਵਾਲੇ ਸਾਢੇ 6 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 103 ਸ਼ਹਿਰਾਂ ਵਿੱਚ ਕੋਵਿਡ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ 2020 ਵਿੱਚ ਸਭ ਤੋਂ ਵੱਧ ਅੰਕੜਾ ਹੈ।

ਕੋਵਿਡ ਨੂੰ ਲੈ ਕੇ ਚੀਨ ਕਿੰਨਾ ਸਖਤ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੇ ਦਿਨੀਂ ਦੱਖਣ-ਪੱਛਮੀ ਸਿਚੁਆਨ ਸੂਬੇ ‘ਚ ਆਏ ਜ਼ਬਰਦਸਤ ਭੂਚਾਲ ਦੇ ਬਾਵਜੂਦ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।

ਭੂਚਾਲ ਦੌਰਾਨ ਡਰੋਨ ਰਾਹੀਂ ਕੀਤੀ ਗਈ ਅਨਾਊਂਸਮੈਂਟ ‘ਚ ਲੋਕਾਂ ਨੂੰ ਕਿਹਾ ਗਿਆ ਕਿ ਲਾਕਡਾਊਨ ਦੌਰਾਨ ਕੋਈ ਵੀ ਘਰ ਤੋਂ ਬਾਹਰ ਨਹੀਂ ਨਿੱਕਲ ਸਕਦਾ। ਇੰਨਾ ਹੀ ਨਹੀਂ ਭੂਚਾਲ ‘ਚ ਭੇਜੀ ਗਈ ਬਚਾਅ ਟੀਮ ਦੇ ਮੈਂਬਰਾਂ ਨੂੰ ਵੀ ਲਾਈਨ ‘ਚ ਖੜ੍ਹਾ ਕਰਕੇ ਪਹਿਲੇ ਕੋਵਿਡ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਉਹ ਬਚਾਅ ਅਤੇ ਰਾਹਤ ਕਾਰਜਾਂ ‘ਚ ਲੱਗੇ।

ਦੱਸਣਯੋਗ ਹੈ ਕਿ ਚੀਨ ‘ਚ ਭੂਚਾਲ ਕਾਰਨ ਹੁਣ ਤੱਕ 65 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਭੂਚਾਲ ਕਾਰਨ ਸਭ ਤੋਂ ਵੱਧ ਨੁਕਸਾਨ ਸਿਚੁਆਨ ਸੂਬੇ ਵਿੱਚ ਹੋਇਆ ਹੈ।

ਚੀਨ ਦੇ ਸਿਚੁਆਨ ਸੂਬੇ ‘ਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸਭ ਕੁਝ ਤਬਾਹ ਹੋ ਗਿਆ। ਇੱਥੇ ਕਈ ਇਮਾਰਤਾਂ ਢਹਿ ਢੇਰੀ ਗਈਆਂ। ਭੂਚਾਲ ਦਾ ਕੇਂਦਰ ਲੁਡਿੰਗ ਕਾਉਂਟੀ ਦੱਸਿਆ ਜਾ ਰਿਹਾ ਹੈ।

Share This Article
Leave a Comment