ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਧੁੰਦ ਵੱਧਣ ਦੇ ਮੱਦੇਨਜ਼ਰ ਅਡਵਾਇਜ਼ਰੀ ਜਾਰੀ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਵੱਧਣ ਦੇ ਮੱਦੇਨਜ਼ਰ ਵਾਹਨ ਚਾਲਕਾਂ ਲਈ ਇਕ ਅਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਸੜਕੀ ਦੁਰਘਟਵਾਨਾਂ ਨੂੰ ਰੋਕਿਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਧੁੰਦ ਦੇ ਕਾਰਣ ਸੜਕਾਂ `ਤੇ ਦੁਰਘਟਨਾਵਾਂ ਵੱਧ ਜਾਂਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਜਨਤਾ ਨੂੰ ਅਪੀਲ ਹੈ ਕਿ ਧੁੰਦ ਵਿੱਚ ਦੁਰਘਟਨਾਵਾਂ ਤੋਂ ਬਚਾਅ ਲਈ ਵਾਹਨ ਚਾਲਕ ਮੌਸਮ ਦੇ ਪੂਰਵ ਅਨੁਮਾਨ ਦੀ ਜਾਂਚ ਕਰਨ ਉਪਰੰਤ ਹੀ ਯਾਤਰਾ `ਤੇ ਨਿਕਲਣ। ਉਨ੍ਹਾਂ ਕਿਹਾ ਕਿ ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਦੀ ਚੰਗੀ ਹਾਲਤ ਦੇ ਨਾਲ-ਨਾਲ ਹੈੱਡਲਾਈਟ, ਟੇਲ ਲਾਈਟ, ਫੌਗ ਲਾਈਟ, ਇੰਡੀਕੇਟਰ ਅਤੇ ਰਿਫਲੈਕਟਰ ਸਹਿਤ ਬ੍ਰੇਕ, ਟਾਇਰ, ਵਿੰਡ ਸਕ੍ਰੀਨ ਵਾਈਪਰ, ਬੈਟਰੀ ਅਤੇ ਕਾਰ ਹੀਟਿੰਗ ਸਿਸਟਮ ਨੂੰ ਵੀ ਚਾਲੂ ਹਾਲਤ ਵਿੱਚ ਰੱਖਣਾ ਸੁਨਿਸ਼ਚਿਤ ਕਰਨ। ਉਨ੍ਹਾਂ ਅਪੀਲ ਕੀਤੀ ਕਿ ਜ਼ਿਆਦਾ ਧੁੰਦ ਦੀ ਚਿਤਾਵਨੀ `ਤੇ ਯਾਤਰਾ ਨੂੰ ਮੌਸਮ ਸਾਫ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ।

ਬੁਲਾਰੇ ਅਨੁਸਾਰ ਵਾਹਨ ਚਾਲਕ ਧੁੰਦ ਵਿੱਚ ਵਾਹਨਾਂ ਨੂੰ ਲੋਅ-ਬੀਮ `ਤੇ ਚਲਾਉਣ ਕਿਉਂਕਿ ਧੁੰਦ ਦੇ ਦੌਰਾਨ ਹਾਈ-ਬੀਮ ਕਾਰਗਰ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਧੁੰਦ ਦੇ ਦੌਰਾਨ ਫੌਗ ਲਾਈਟਾਂ, ਗੱਡੀਆਂ ਦੀ ਨਿਰਧਾਰਤ ਸਪੀਡ ਅਤੇ ਵਾਹਨਾਂ ਦੇ ਵਿੱਚ ਉਚਿਤ ਦੂਰੀ ਰੱਖੀ ਜਾਵੇ ਅਤੇ ਸੜਕਾਂ `ਤੇ ਅੰਕਿਤ ਸਫੇਦ ਪੱਟੀਆਂ ਨੂੰ ਇੱਕ ਮਾਰਗ ਦਰਸ਼ਕ ਦੇ ਰੂਪ ਵਿੱਚ ਧਿਆਨ ਵਿੱਚ ਰੱਖਦੇ ਹੋਏ ਵਾਹਨ ਚਲਾਇਆ ਜਾਵੇ। ਵਾਹਨਾਂ ਦੇ ਸ਼ੀਸ਼ੇ ਉਚਿਤ ਮਾਤਰਾ ਤੱਕ ਥੱਲੇ ਰੱਖੇ ਜਾਣ ਅਤੇ ਸੰਕਟ ਸਥਿਤੀ ਵਿੱਚ ਜੇਕਰ ਵਾਹਨ ਨੂੰ ਰਸਤੇ ਵਿੱਚ ਰੋਕਣਾ ਪਵੇ ਤਾਂ ਜਿੱਥੋਂ ਤੱਕ ਸੰਭਵ ਹੋਵੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਖੜ੍ਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧੁੰਦ ਵਿੱਚ ਵਾਹਨ ਚਲਾਉਂਦੇ ਹੋਏ ਗ਼ੈਰ-ਜ਼ਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਲੇਨ ਨਾ ਬਦਲੀ ਜਾਵੇ ਅਤੇ ਭੀੜ ਵਾਲੀਆਂ ਸੜਕਾਂ `ਤੇ ਵਾਹਨ ਨੂੰ ਰੋਕਣ ਤੋਂ ਬਚਿਆ ਜਾਵੇ।

Share this Article
Leave a comment