ਓਡੀਸਾ : ਓਡੀਸਾ ਦੇ ਜ਼ਿਲ੍ਹਾ ਡੇਂਕਨਾਲ ਦੇ ਕਾਮਾਖਯਾਨਗਰ ਖੇਤਰ ਨੇੜੇ ਇੱਕ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਿਸ ‘ਚ ਟ੍ਰੇਨੀ ਪਾਇਲਟ ਅਤੇ ਟ੍ਰੇਨਰ ਦੋਵਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਿਖਿਆਰਥੀ ਜ਼ਿਲੇ ਦੇ ਕੰਕੜਬੜਾ ਪੁਲਿਸ ਸੀਮਾ ਧੀਨ ਪੈਂਦੇ ਬਿਰਸਾਲਾ ‘ਚ ਸਰਕਾਰੀ ਹਵਾਬਾਜ਼ੀ ਸਿਖਲਾਈ ਸੰਸਥਾ (ਗਤੀ) ‘ਚ ਉਡਾਣ ਦੀ ਸਿਖਲਾਈ ਲੈ ਰਹੇ ਸਨ।
ਘਟਨਾ ਤੋਂ ਬਾਅਦ ਦੋਵਾਂ ਨੂੰ ਕਾਮਾਖਯਾਨਗਰ ਦੇ ਸਥਾਨਕ ਹਸਪਤਾਲ ‘ਚ ਲਿਜਾਇਆ ਗਿਆ। ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਜਾਣਕਾਰੀ ਡੇਂਕਨਾਲ ਦੇ ਜ਼ਿਲ੍ਹਾ ਅਧਿਕਾਰੀ ਬੀ.ਕੇ. ਨਾਇਕ ਨੇ ਦਿੱਤੀ। ਉੱਚ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਦਾਸਾ ਤਕਨੀਕੀ ਖਰਾਬੀ ਜਾਂ ਖਰਾਬ ਮੌਸਮ ਕਾਰਨ ਵਾਪਰਿਆ ਹੈ।
ਕਾਮਾਖਯਾਨਗਰ ਥਾਣੇ ਦੇ ਇੰਚਾਰਜ ਏ.ਦਲੂਆ ਨੇ ਦੱਸਿਆ ਕਿ ਹਾਦਸੇ ‘ਚ ਮਾਰਿਆ ਗਿਆ ਟ੍ਰੇਨਰ ਪੁਰਸ਼ ਸੀ ਜਦੋਂ ਕਿ ਟ੍ਰੇਨੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ ਹਵਾਈ ਜਹਾਜ਼ ਉਡਾਣ ਭਰਨ ਤੋਂ ਬਾਅਦ ਅਚਾਨਕ ਜ਼ਮੀਨ ‘ਤੇ ਡਿੱਗ ਗਿਆ, ਜਿਸ ਨਾਲ ਜਹਾਜ਼ ਅੰਦਰ ਮੌਜੂਦ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ।