ਗਲਾਸਗੋ : ਸਕਾਟਲੈਂਡ ਦੇ ਗਲਾਸਗੋ ਸ਼ਹਿਰ ‘ਚ ਕਰਵਾਏ ਜਾ ਰਹੇ ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਪਾਸੇ ਜਿੱਥੇ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਦੇਸ਼ ਦੇ ਅਥਲੀਟਾਂ ਦੇ ਪ੍ਰਦਰਸ਼ਨ ‘ਤੇ ਟਿਕੀਆਂ ਹੋਈਆਂ ਹਨ, ਉੱਥੇ ਹੀ ਇਸੇ ਦੌਰਾਨ ਜਿਮਨਾਸਟਿਕ ਦੇ ਮੁਕਾਬਲੇ ਵਿੱਚ ਇੰਗਲੈਂਡ ਦੇ ਅਥਲੀਟ ਗੈਬਰੀਅਲ ਲੈਂਗਟਨ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ।
ਕਾਮਨਵੇਲਥ ਗੇਮਜ਼ 2026 ਵਿੱਚ ਜਿਮਨਾਸਟਿਕ ਦੇ ਪੁਰਸ਼ ਟੀਮ ਫਾਈਨਲ ਦੌਰਾਨ ਗੈਬਰੀਅਲ ਲੈਂਗਟਨ ਇੰਗਲੈਂਡ ਵੱਲੋਂ ਹਾਈ ਬਾਰ ਰੂਟੀਨ ਕਰ ਰਹੇ ਸਨ, ਜਿਸ ਦੌਰਾਨ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਸਿੱਧੇ ਸਿਰ ਅਤੇ ਗਰਦਨ ਦੇ ਭਾਰ ਜ਼ਮੀਨ ‘ਤੇ ਜਾ ਡਿੱਗੇ। ਗੈਬਰੀਅਲ ਲੈਂਗਟਨ ਨੂੰ ਇਸ ਤਰ੍ਹਾਂ ਡਿੱਗਦਿਆਂ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਕੁਝ ਸਮੇਂ ਲਈ ਹੈਰਾਨ ਰਹਿ ਗਏ, ਜਿਸ ਤੋਂ ਬਾਅਦ ਤੁਰੰਤ ਮੈਡੀਕਲ ਟੀਮ ਨੇ ਉਨ੍ਹਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿੱਧਾ ਹਸਪਤਾਲ ਪਹੁੰਚਾਇਆ।
ਇੰਗਲੈਂਡ ਵੱਲੋਂ ਗੈਬਰੀਅਲ ਲੈਂਗਟਨ ਨਾਲ ਵਾਪਰੇ ਇਸ ਹਾਦਸੇ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਕਿ ਗੈਬਰੀਅਲ ਲੈਂਗਟਨ ਦੇ ਕਈ ਸਕੈਨ ਕੀਤੇ ਗਏ, ਜਿਨ੍ਹਾਂ ਦੀ ਰਿਪੋਰਟ ਕਾਫ਼ੀ ਠੀਕ ਆਈ ਹੈ ਅਤੇ ਉਹ ਕਿਸੇ ਵੀ ਗੰਭੀਰ ਸੱਟ ਦਾ ਸ਼ਿਕਾਰ ਨਹੀਂ ਹੋਏ ਹਨ, ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਗੈਬਰੀਅਲ ਲੈਂਗਟਨ ਨੂੰ ਕਾਮਨਵੇਲਥ ਗੇਮਜ਼ 2026 ਵਿੱਚ ਆਖਰੀ ਸਮੇਂ ‘ਤੇ ਇੰਗਲੈਂਡ ਦੀ ਜਿਮਨਾਸਟਿਕ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦੋਂ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਮੈਕਸ ਵਿਟਲਾਕ ਸੱਟ ਲੱਗਣ ਕਾਰਨ ਬਾਹਰ ਹੋ ਗਏ ਸਨ।
ਇੰਗਲੈਂਡ ਨੇ ਹੁਣ ਤੱਕ ਰਾਸ਼ਟਰਮੰਡਲ ਖੇਡਾਂ 2026 ਵਿੱਚ ਤਿੰਨ ਦਿਨਾਂ ਵਿੱਚ ਕੁੱਲ 15 ਤਗਮੇ ਆਪਣੇ ਨਾਮ ਕਰ ਲਏ ਹਨ, ਜਿਸ ਨਾਲ ਉਹ ਮੈਡਲ ਤਾਲਿਕਾ ਵਿੱਚ ਦੂਜੇ ਨੰਬਰ ‘ਤੇ ਹੈ। ਆਸਟ੍ਰੇਲੀਆ 12 ਸੋਨ ਤਗਮਿਆਂ ਸਮੇਤ ਕੁੱਲ 23 ਮੈਡਲ ਜਿੱਤ ਕੇ ਤਗਮਾ ਤਾਲਿਕਾ ਵਿੱਚ ਪਹਿਲੇ ਨੰਬਰ ‘ਤੇ ਕਾਬਜ਼ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

