ਨਿਊਜ਼ ਡੈਸਕ: ਅਮਰੀਕਾ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਮੈਰੀਲੈਂਡ ਦੇ ਚਾਰਲਸ ਕਾਉਂਟੀ ਵਿੱਚ ਅੱਗ ਲੱਗਣ ਨਾਲ ਤਬਾਹੀ ਮਚ ਗਈ ਹੈ। ਇੱਕ ਘਰ ਵਿੱਚ ਅੱਗ ਲੱਗ ਗਈ ਅਤੇ ਚਾਰ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ।ਅਧਿਕਾਰੀਆਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਬਾਲਟੀਮੋਰ ਤੋਂ ਲਗਭਗ 88 ਕਿਲੋਮੀਟਰ ਦੱਖਣ ਵਿੱਚ ਸਥਿਤ ਵਾਲਡੋਰਫ ਖੇਤਰ ਵਿੱਚ ਸਥਾਨਿਕ ਸਮੇਂ ਅਨੁਸਾਰ ਸਵੇਰੇ 8:40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਇੱਕ ਵਿਅਕਤੀ ਕਿਸੇ ਤਰ੍ਹਾਂ ਅੱਗ ਦੀਆਂ ਲਪਟਾਂ ਵਿਚਕਾਰ ਘਰ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ 70 ਫਾਇਰਫਾਈਟਰਾਂ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਇੱਕ ਘੰਟੇ ਤੋਂ ਵੱਧ ਸਮੇਂ ਵਿੱਚ ਇਸ ‘ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ, ਇੱਕ ਜ਼ਖਮੀ ਫਾਇਰ ਫਾਈਟਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਦੋਂ ਕਿ ਦੂਜੇ ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ।
ਮੈਰੀਲੈਂਡ ਸਟੇਟ ਫਾਇਰ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਓਲੀਵਰ ਅਲਕਾਇਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੇ ਨਾਮ ਅਤੇ ਉਮਰਾਂ ਨਹੀਂ ਦੱਸੀਆਂ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਘਰ ਵਿੱਚ ਲੱਗੇ ਫਾਇਰ ਅਲਾਰਮ ਯੰਤਰ ਕੰਮ ਕਰ ਰਹੇ ਸਨ ਜਾਂ ਨਹੀਂ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।