ਮੁਹਾਲੀ (ਦਰਸ਼ਨ ਸਿੰਘ ਖੋਖਰ ):ਸਮਾਜ ਸੇਵਾ ਦੇ ਖੇਤਰ ਵਿੱਚ ਕਾਰਜਸ਼ੀਲ ਸੰਸਥਾ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ (ਰਜਿ) ਵੱਲੋਂ ਅੱਜ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਇਕ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਇਸ ਟਰੈਕਟਰ ਰੈਲੀ ਵਿੱਚ ਵੱਡੀ ਤਾਦਾਦ ਵਿੱਚ ਔਰਤਾਂ ਨੇ ਹਾਜ਼ਰੀ ਭਰੀ। ਰੈਲੀ ਦਾ ਆਗਾਜ਼ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਰਦਾਸ ਕਰਨ ਦੇ ਨਾਲ ਹੋਇਆ। ਉਪਰੰਤ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਆਪ ਟਰੈਕਟਰ ਚਲਾ ਕੇ ਰੈਲੀ ਦੀ ਅਗਵਾਈ ਕੀਤੀ। ਅੰਤਰਰਾਸ਼ਟਰੀ ਗਾਇਕਾ ਆਰਦੀਪ ਰਮਨ ਨੇ ਇਸ ਮੌਕੇ ਕਿਸਾਨੀ ਦੇ ਨਾਲ ਸਬੰਧਿਤ ਗੀਤ ਗਾ ਕੇ ਰੈਲੀ ਦੇ ਵਿੱਚ ਜੋਸ਼ ਭਰ ਦਿੱਤਾ। ਆਰ ਦੀਪ ਰਮਨ ਨੇ ਕੰਗਨਾ ਰਨਾਵਤ ਦੇ ਬਿਆਨ ਦੀ ਇਸ ਦੌਰਾਨ ਪੁਰਜ਼ੋਰ ਨਿਖੇਧੀ ਕੀਤੀ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੀ ਹੋਈ ਟਰੱਸਟ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਨਿਸ਼ਚੇ ਕਰਕੇ ਆਪਣੀ ਜਿੱਤ ਕਰਨ ਦੇ ਲਈ ਕਿਹਾ ਹੈ ਤੇ ਅਸੀਂ ਨਿਸਚੈ ਕਰ ਚੁੱਕੇ ਹਾਂ। ਸਾਡੀ ਜਿੱਤ ਪੱਕੀ ਹੈ ਅਸੀਂ ਖੇਤੀ ਬਿੱਲ ਰੱਦ ਕਰਵਾ ਕੇ ਹਟਾਂਗੇ । ਰੈਲੀ ਵਿੱਚ ਖ਼ਾਸ ਤੌਰ ਤੇ ਹਾਜ਼ਰ ਹੋਏ ਸਾਬਕਾ ਕੌਂਸਲਰ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਲੋਕਾਂ ਦੀ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਆਪਣੇ ਹੀ ਦੇਸ਼ ਦੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵਿਸ਼ਾਲ ਰੈਲੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਫੇਜ਼ ਸੱਤ ਦੀਆਂ ਲਾਈਟਾਂ ਤੋਂ ਹੁੰਦੀ ਹੋਈ ਸਿੱਧੀ ਕੁੰਭਡ਼ਾ ਚੌਕ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸ਼ਹੀਦਾਂ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ। ਰੈਲੀ ਵਿੱਚ ਟਰੈਕਟਰ ਲੈ ਕੇ ਆਉਂਣ ਦੀ ਸੇਵਾ ਸ਼ੌਂਕੀ ਬਹਿਲੋਲਪੁਰ, ਬਿੱਟੂ ਗੁੱਜਰ, ਗੋਲਾ ਰੁੜਕਾ, ਮਿੰਟੂ ਗੁੱਜਰ ,ਨਰੇਸ਼ ਥੰਬੜ ਅਰਨ ਘੰਡੋਲੀ, ਦੀਪ ਮੀਡੀਆ ਰਿਲੇਸ਼ਨਜ਼ ਦੇ ਡਾਇਰੈਕਟਰ ਗਗਨਦੀਪ ਸਿੰਘ ਵਿਰਕ ,ਸੋਨੂੰ ਜਾਂਸਲਾ ਅਤੇ ਬਾਈ ਪ੍ਰੀਤ ਦੇ ਵੱਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਸ਼ਾ ਟਰੱਸਟ ਦੇ ਵਾਈਸ ਪ੍ਰੈਜ਼ੀਡੈਂਟ ਕੁਲਦੀਪ ਕੌਰ ,ਮਨਦੀਪ ਕੌਰ ਬੈਂਸ , ਦਿਸ਼ਾ ਟਰੱਸਟ ਦੇ ਖਰੜ ਪ੍ਰਧਾਨ ਰੂਬੀ ਸੈਣੀ, ਚੰਡੀਗੜ੍ਹ ਸਟੇਟ ਪ੍ਰਧਾਨ ਕਿਰਤੀ ਮੋਹਾਪਾਤਰਾ ਅਤੇ ਵੱਡੀ ਗਿਣਤੀ ਵਿੱਚ ਦਿਸ਼ਾ ਟਰੱਸਟ ਦੀਆ ਔਰਤਾਂ ਹਾਜ਼ਰ ਸਨ।