ਚੰਡੀਗੜ੍ਹ: `ਆਪ` ਸਰਕਾਰ ਵੱਲੋਂ ਦਿੱਤੇ ਗਏ ਭਰੋਸੇ `ਤੇ ਖ਼ਰਾ ਉਤਰਦਿਆਂ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ ਕੀਤੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਬਕਾਏ ਨਿਪਟਾਉਣ ਸਬੰਧੀ ਕੀਤੇ ਗਏ ਵਾਅਦੇ ਮੁਤਾਬਕ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ ਮਾਰਚ 2022 ਤੱਕ ਦੇ ਬਕਾਇਆ ਨੂੰ ਕਲੀਅਰ ਕਰਦਿਆਂ 184 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਸ਼ਗਨ ਸਕੀਮ ਤਹਿਤ ਦਸੰਬਰ 2021 ਤੱਕ 30.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਅੰਬੇਡਕਰ ਭਵਨ ਬਣਾਏ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਭਵਨਾਂ ਦੀ ਉਸਾਰੀ ਲਈ ਕਿਫ਼ਾਇਤੀ ਢੰਗ ਨਾਲ ਹੋਰ ਸਰਕਾਰੀ ਅਦਾਰਿਆਂ ਦੀ ਮੁਹਾਰਤ ਪ੍ਰਾਪਤ ਕਰਨ। ਮੌਜੂਦਾ ਅੰਬੇਡਕਰ ਭਵਨਾਂ ਦੀ ਸਾਂਭ-ਸੰਭਾਲ ਦੀ ਲੋੜ `ਤੇ ਜ਼ੋਰ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਝ ਪੁਰਾਣੀਆਂ ਇਮਾਰਤਾਂ ਦੀ ਫੌਰੀ ਸਾਂਭ-ਸੰਭਾਲ ਦੀ ਲੋੜ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ `ਆਪ` ਸਰਕਾਰ ਅੰਬੇਡਕਰ ਭਵਨਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਲਈ ਵਚਨਬੱਧ ਹੈ।
ਵੱਖ-ਵੱਖ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਸਾਰੀਆਂ ਭਲਾਈ ਸਕੀਮਾਂ ਲਈ ਵਾਧੂ ਫੰਡ ਅਲਾਟ ਕਰਨ ਦਾ ਭਰੋਸਾ ਦਿੱਤਾ। ਕੇਂਦਰੀ ਫੰਡ ਵਾਲੀਆਂ ਸਕੀਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਉਹ ਫੰਡ ਜਲਦੀ ਜਾਰੀ ਕਰਨ ਲਈ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਕੋਲ ਮਾਮਲਾ ਉਠਾਉਣਗੇ ਤਾਂ ਜੋ ਸਾਡੇ ਕਮਜ਼ੋਰ ਵਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਡਾ. ਕੌਰ ਨੇ ਅੱਗੇ ਕਿਹਾ ਕਿ ਬੈਕਫਿੰਕੋ ਦੀਆਂ ਵੱਖ-ਵੱਖ ਲੋਨ ਸਕੀਮਾਂ ਜਿਵੇਂ ਕਿ ਡਾਇਰੈਕਟ ਲੋਨ ਸਕੀਮ, ਐਨ.ਬੀ.ਸੀ.ਐਫ.ਡੀ.ਸੀ., ਐਜੂਕੇਸ਼ਨ ਲੋਨ ਸਕੀਮ, ਮਾਈਕਰੋ ਫਾਈਨਾਂਸ ਸਕੀਮ, ਮਹਿਲਾ ਸਮਰਿਧੀ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਲੋਕਾਂ ਨੂੰ ਯਕੀਨੀ ਬਣਾਇਆ ਜਾਵੇ।