ਆਸਟ੍ਰੇਲੀਆ ਦੇ ਡੈਲੀਗੇਸ਼ਨ ਨਾਲ ਕੀਤੀਆਂ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵਿਚਾਰਾਂ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਐਚ ਈ ਬੈਰੀ ਓ ਫੇਰਿਲ ਅਤੇ ਉਨ੍ਹਾਂ ਦੀ ਟੀਮ ਨਾਲ ਵਿਚਾਰਾਂ ਕੀਤੀਆਂ। ਆਸਟ੍ਰੇਲੀਅਨ ਡੈਲੀਗੇਸ਼ਨ ਵਿਚ ਸੈਕੰਡ ਸੈਕਟਰੀ ਮਿਸ ਲੌਰੀਨ ਡਾਂਸਰ, ਸੀਨੀਅਰ ਨੀਤੀ ਅਧਿਕਾਰੀ ਮਿਸ ਪ੍ਰਗਿਆ ਸੇਠੀ ਅਤੇ ਦੱਖਣ ਏਸ਼ੀਆ ਦੇ ਖੇਤਰੀ ਪ੍ਰਬੰਧਕ ਡਾ ਪ੍ਰਤਿਭਾ ਸਿੰਘ ਸ਼ਾਮਿਲ ਸਨ। ਪੀ ਏ ਯੂ ਮਾਹਿਰਾਂ ਨੇ ਇਸ ਡੈਲੀਗੇਸ਼ਨ ਨਾਲ ਖੇਤੀ ਦੇ ਵੱਖ ਵੱਖ ਖੇਤਰਾਂ ਵਿਚ ਸਾਂਝ ਦੇ ਮੌਕਿਆਂ ਦੀਆਂ ਸੰਭਾਵਨਾਵਾਂ ਉੱਪਰ ਵਿਚਾਰ ਕੀਤੀ।

ਆਪਣੀ ਟਿੱਪਣੀ ਵਿਚ ਸ੍ਰੀ ਐਚ ਈ ਬੈਰੀ ਓ ਫੇਰਿਲ ਨੇ ਦੋਵਾਂ ਦੇਸ਼ਾਂ ਵਿਚਕਾਰ ਸਾਂਝ ਦੇ ਮੁੱਦਿਆਂ ਉੱਪਰ ਰੌਸ਼ਨੀ ਪਾਉਂਦਿਆਂ ਆਸਟ੍ਰੇਲੀਆ ਵਿਚ ਵਸੇ ਪ੍ਰਵਾਸੀ ਭਾਰਤੀਆਂ ਦੇ ਵਡੇਰੇ ਭਾਗ ਬਾਰੇ ਗੱਲ ਕੀਤੀ। ਉਨ੍ਹਾਂ ਨੇ ਡਿਜੀਟਲ ਤਕਨਾਲੋਜੀ ਅਤੇ ਉਸਨੂੰ ਲਾਗੂ ਕਰਨ ਲਈ ਸਾਂਝ ਦੀਆਂ ਸੰਭਾਵਨਾਵਾਂ ਉੱਪਰ ਚਾਨਣਾ ਪਾਇਆ। ਉਨ੍ਹਾਂ ਸਾਂਝ ਲਈ ਦਿੰਦਿਆਂ ਨਿੰਬੂ ਜਾਤੀ ਦੇ ਫਲਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਮੌਸਮ ਉਲਟ ਹੋਣ ਕਾਰਨ ਸਾਂਝ ਦੀ ਹਾਲਤ ਵਿਚ ਬਾਗਬਾਨੀ ਉਤਪਾਦ ਸਾਰਾ ਸਾਲ ਮੁਹਈਆ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਪੀ ਏ ਯੂ ਦੇ ਵਾਈਸ ਚਾਂਸਲਰ ਨੇ ਗੁਲਦਸਤੇ ਨਾਲ ਡੈਲੀਗੇਸ਼ਨ ਦਾ ਸਵਾਗਤ ਕੀਤਾ। ਡਾ ਢਿੱਲੋਂ ਨੇ ਖੋਜ,ਅਧਿਆਪਨ ਅਤੇ ਹੋਰ ਖੇਤਰਾਂ ਵਿਚ ਗਿਆਨ-ਵਟਾਂਦਰੇ ਲਈ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੀ ਨੀਤੀ ਦੀ ਮਜ਼ਬੂਤੀ ਉੱਪਰ ਜ਼ੋਰ ਦਿੱਤਾ। ਉਨ੍ਹਾਂ ਨੇ ਕੋਵਿਡ ਦੌਰਾਨ ਪੀ ਏ ਯੂ ਵਲੋਂ ਕਿਸਾਨੀ ਸਮਾਜ ਦੀ ਬਿਹਤਰੀ ਲਈ ਕੀਤੇ ਕਾਰਜਾਂ ਦੀ ਗੱਲ ਕਰਦਿਆਂ ਇਸ ਮਹਾਮਾਰੀ ਤੋਂ ਬਾਅਦ ਆਸਟ੍ਰੇਲੀਆ ਅਤੇ ਭਾਰਤ ਵਿਚ ਅਕਾਦਮਿਕ ਸਾਂਝ ਸਥਾਪਤੀ ਨੂੰ ਲਾਜ਼ਮੀ ਕਿਹਾ।

 

- Advertisement -

ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਨਵਤੇਜ ਸਿੰਘ ਬੈਂਸ ਨੇ ਆਪਣੀ ਪੇਸ਼ਕਾਰੀ ਵਿਚ ਭਾਰਤ ਤੇ ਆਸਟ੍ਰੇਲੀਆ ਖੇਤੀ ਸਾਂਝ ਦੇ ਇਤਿਹਾਸ ਉੱਪਰ ਰੌਸ਼ਨੀ ਪਾਈ। ਡਾ ਬੈਂਸ ਨੇ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਖੇਤੀ ਖੋਜ ਕੇਂਦਰ ਵਲੋਂ ਖੇਤੀ ਵਿਕਾਸ ਲਈ ਦਿੱਤੇ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਕਰਦਿਆਂ ਪਹਿਲਾਂ ਤੋਂ ਚਲ ਰਹੇ ਖੋਜ ਪ੍ਰਾਜੈਕਟਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਮਸ਼ੀਨਰੀ, ਤਕਨਾਲੋਜੀ, ਕਿਸਮਾਂ ਅਤੇ ਹੋਰ ਖੇਤਰਾਂ ਵਿਚ ਦੁਵੱਲੀ ਸਾਂਝ ਦੀਆਂ ਪ੍ਰਾਪਤੀਆਂ ਦੇ ਕਿਸਾਨੀ ਉੱਪਰ ਪਏ ਪ੍ਰਭਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਸ ਸਾਂਝ ਨੂੰ ਹੋਰ ਖੇਤਰਾਂ ਜਿਵੇਂ ਸਿਖਿਆ,ਖੋਜ ਤੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਨੂੰ ਵਿਕਸਿਤ ਕਰਨ ਦੀ ਲੋੜ ਹੈ। ਡਾ ਬੈਂਸ ਨੇ ਪਾਣੀ ਦੀ ਸਾਂਭ-ਸੰਭਾਲ, ਕਣਕ,ਦਾਲਾਂ,ਤੇਲਬੀਜ ਫਸਲਾਂ ਦੇ ਵਿਕਾਸ ਲਈ ਮੌਲੀਕਿਉਲਰ ਮਾਰਕਰਾਂ ਦੀ ਸੰਭਾਲ ਦੀ ਲੋੜ ਤੇ ਜ਼ੋਰ ਦਿੱਤਾ।

ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਸਮੁੱਚੇ ਸਮਾਗਮ ਨੂੰ ਬਾਖੂਬੀ ਸੰਚਾਲਿਤ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚ ਦੁਵੱਲੀ ਸਾਂਝ ਲਈ ਇਕ ਸੰਵਾਦ ਨੂੰ ਅੱਗੇ ਵਧਾਇਆ।

ਅੰਤ ਵਿਚ ਵਾਈਸ ਚਾਂਸਲਰ ਨੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਅਤੇ ਟੀਮ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ।

Share this Article
Leave a comment