ਪਣਜੀ : ਗੋਆ ਦੇ ਡਿਪਟੀ ਸੀ.ਐੱਮ. ਅਤੇ ਟੂਰਿਜ਼ਮ ਮੰਤਰੀ ਮਨੋਹਰ ਅਜਗਾਂਵਕਰ ਨੇ ਵੀਰਵਾਰ ਨੂੰ ਸੈਲਾਨੀਆਂ ਦੇ ਗੋਆ ਆਉਣ ਦੇ ਸਬੰਧ ਵਿੱਚ ਵੱਡਾ ਬਿਆਨ ਦਿੱਤਾ। ਅਜਗਾਂਵਕਰ ਨੇ ਕਿਹਾ ਕਿ ਸੈਰ-ਸਪਾਟੇ ਲਈ ਗੋਆ ਨੂੰ ਇਕ ਵਾਰ ਖੋਲ੍ਹਣਾ ਹੋਵੇਗਾ ਪਰ ਸਿਰਫ਼ ਉਨ੍ਹਾਂ ਲਈ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ। ਉਨਾਂ ਦੇ ਕਹਿਣ ਤੋਂ ਭਾਵ ਸੀ ਕਿ ਜੇਕਰ ਕਿਸੇ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਤਾਂ ਉਹ ਗੋਆ ਘੁੰਮਣ ਨਹੀਂ ਆ ਸਕਣਗੇ। ਗੋਆ ਆਉਣ ਲਈ ਕੋਵਿਡ ਵੈਕਸੀਨੇਸ਼ਨ ਦਾ ਮੁਕੰਮਲ ਹੋਣਾ ਜ਼ਰੂਰੀ ਹੈ।
ਟੂਰਿਜ਼ਮ ਮੰਤਰੀ ਨੇ ਕਿਹਾ ਮੇਰਾ ਵਿਅਕਤੀਗਤ ਵਿਚਾਰ ਹੈ ਕਿ ਇਕ ਵਾਰ ਜਦੋਂ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਪੂਰੀਆਂ ਹੋ ਜਾਣਗੀਆਂ ਉਦੋਂ ਲੋਕਾਂ ਨੂੰ ਇਥੇ ਦਾਖ਼ਲ ਹੋਣ ਦੀ ਇਜ਼ਾਜਤ ਦਿੱਤੀ ਜਾਵੇਗੀ। ਅਸੀਂ ਗੋਆ ਨਾਲ ਸੈਲਾਨੀਆਂ ਨੂੰ ਵੀ ਸੁਰੱਖਿਅਤ ਰੱਖਣਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਇਸ ਮਾਮਲੇ ‘ਚ ਕੀਤੇ ਗਏ ਫੈਸਲਿਆਂ ਮੁਤਾਬਕ ਹੀ ਮੰਤਰਾਲਾ ਕੰਮ ਕਰੇਗਾ।