ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਮੂਲ ਦੀ 30 ਸਾਲਾ ਹਿਮਾਂਸ਼ੀ ਖੁਰਾਨਾ ਦੇ ਚਰਚਿਤ ਕਤਲ ਮਾਮਲੇ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਇਸ ਕੇਸ ਵਿੱਚ ਹਿਮਾਂਸ਼ੀ ਦੇ ਭਾਈਵਾਲ 32 ਸਾਲਾ ਅਬਦੁਲ ਗਫ਼ੂਰੀ ਨੂੰ ਕਰੀਬ 7 ਮਹੀਨਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸ਼ੁੱਕਰਵਾਰ, 7 ਅਗਸਤ ਨੂੰ ਟੋਰਾਂਟੋ ਦੇ ਇੱਕ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ। ਪੁਲੀਸ ਨੇ ਗਫ਼ੂਰੀ ਖ਼ਿਲਾਫ਼ ਫ਼ਰਸਟ-ਡਿਗਰੀ ਮਰਡਰ ਦਾ ਦੋਸ਼ ਲਗਾਇਆ ਹੈ।
ਸਾਂਝੇ ਅਪਰੇਸ਼ਨ ਰਾਹੀਂ ਹੋਈ ਗ੍ਰਿਫ਼ਤਾਰੀ
ਟੋਰਾਂਟੋ ਪੁਲੀਸ ਮੁਤਾਬਕ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਕੈਨੇਡਾ ਵਾਪਸ ਲਿਆਉਣ ਲਈ ਫਿਊਜਿਟਿਵ ਸਕੁਐਡ ਅਤੇ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ ਨੇ ਕੌਮੀ ਅਤੇ ਕੌਮਾਂਤਰੀ ਪੁਲੀਸ ਏਜੰਸੀਆਂ ਨਾਲ ਮਿਲ ਕੇ ਕਾਰਵਾਈ ਕੀਤੀ। ਹਾਲਾਂਕਿ, ਪੁਲੀਸ ਨੇ ਇਹ ਨਹੀਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਗਫ਼ੂਰੀ ਕਿਸ ਦੇਸ਼ ਵਿੱਚ ਲੁਕਿਆ ਹੋਇਆ ਸੀ।
ਦਸੰਬਰ 2025 ਵਿੱਚ ਮਿਲੀ ਸੀ ਹਿਮਾਂਸ਼ੀ ਦੀ ਲਾਸ਼
19 ਦਸੰਬਰ 2025 ਦੀ ਰਾਤ ਟੋਰਾਂਟੋ ਦੇ ਸਟ੍ਰਾਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਇਲਾਕੇ ਤੋਂ ਹਿਮਾਂਸ਼ੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਰਾਤ ਕਰੀਬ 10:41 ਵਜੇ ਮਿਲੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਭਾਲ ਸ਼ੁਰੂ ਕੀਤੀ। ਅਗਲੇ ਦਿਨ ਸਵੇਰੇ ਕਰੀਬ 6:30 ਵਜੇ ਉਸੇ ਇਲਾਕੇ ਦੇ ਇੱਕ ਘਰ ਵਿੱਚੋਂ ਹਿਮਾਂਸ਼ੀ ਦੀ ਲਾਸ਼ ਬਰਾਮਦ ਹੋਈ। ਜਾਂਚ ਮਗਰੋਂ ਪੁਲੀਸ ਨੇ ਇਸ ਨੂੰ ਕਤਲ ਦਾ ਮਾਮਲਾ ਕਰਾਰ ਦਿੱਤਾ ਸੀ। ਇਹ ਸਾਲ 2025 ਵਿੱਚ ਟੋਰਾਂਟੋ ਦਾ 40ਵਾਂ ਕਤਲ ਕੇਸ ਸੀ।
ਪੁਲੀਸ ਨੇ ਦੱਸਿਆ ਸੀ ਨਿੱਜੀ ਸਬੰਧਾਂ ਵਿੱਚ ਹਿੰਸਾ ਦਾ ਮਾਮਲਾ
ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਹਿਮਾਂਸ਼ੀ ਅਤੇ ਅਬਦੁਲ ਗਫ਼ੂਰੀ ਇੱਕ-ਦੂਜੇ ਦੇ ਨੇੜਲੇ ਸਬੰਧਾਂ ਵਿੱਚ ਸਨ। ਪੁਲੀਸ ਨੇ ਇਸ ਮਾਮਲੇ ਨੂੰ ਨਿੱਜੀ ਸਬੰਧਾਂ ਵਿੱਚ ਹਿੰਸਾ ਨਾਲ ਜੋੜਿਆ ਸੀ। ਇਸ ਤੋਂ ਬਾਅਦ ਗਫ਼ੂਰੀ ਖ਼ਿਲਾਫ਼ ਦੇਸ਼ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਅਤੇ ਉਸ ਦੀ ਤਸਵੀਰ ਵੀ ਜਨਤਕ ਕੀਤੀ ਗਈ।
ਹਿਮਾਂਸ਼ੀ ਦੀ ਮੌਤ ਤੋਂ ਬਾਅਦ ਟੋਰਾਂਟੋ ਸਥਿਤ ਭਾਰਤੀ ਮਹਾਵਣਜ ਦੂਤਾਵਾਸ ਨੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਸੀ। ਦੂਤਾਵਾਸ ਨੇ ਕਿਹਾ ਸੀ ਕਿ ਹਿਮਾਂਸ਼ੀ ਇੱਕ ਨੌਜਵਾਨ ਭਾਰਤੀ ਨਾਗਰਿਕ ਸੀ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।

