ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਵੱਲੋਂ ਬਿੱਲ-21 ਵਿਰੁੱਧ ਲੜਾਈ ‘ਚ ਸ਼ਾਮਲ ਹੋਣ ਦਾ ਐਲਾਨ

TeamGlobalPunjab
2 Min Read

ਟੋਰਾਂਟੋ: ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕਾਂ ਲਈ ਸ਼ੁਰੂ ਹੋਏ ਸੰਘਰਸ਼ ‘ਚ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਸ਼ਾਮਲ ਹੋ ਗਿਆ ਹੈ। ਟੋਰਾਂਟੋ ਸਿਟੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਊਬੈਕ ਦੇ ਬਿਲ 21 ਵਿਰੁੱਧ ਕਾਨੂੰਨੀ ਲੜਾਈ ‘ਚ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ।

ਮੇਅਰ ਜੌਹਨ ਟੋਰੀ ਨੇ ਕਿਹਾ ਕਿ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਬਿਲ 21 ਨੂੰ ਦਿੱਤੀ ਜਾ ਰਹੀ ਚੁਣੌਤੀ ਲਈ ਟੋਰਾਂਟੋ ਸਿਟੀ ਕੌਂਸਲ ਇੱਕ ਲੱਖ ਡਾਲਰ ਦੇਵੇਗੀ। ਉਨਾਂ ਕਿਹਾ ਕਿ ਟੋਰਾਂਟੋ ਸਿਟੀ ਕੌਂਸਲ ਪੂਰੀ ਸਪੱਸ਼ਟਤਾ ਨਾਲ ਬਿੱਲ 21 ਦਾ ਵਿਰੋਧ ਕਰਨ ਲਈ ਇਕੱਠੀਆਂ ਹੋ ਰਹੀਆਂ ਮਿਉਂਸਪੈਲਟੀਜ਼ ਦਾ ਸਾਥ ਦੇਵੇਗੀ। ਟੋਰਾਂਟੋ ਸ਼ਹਿਰ ਅਤੇ ਕੈਨੇਡਾ ਦੇ ਵਸਨੀਕ ਹੋਣ ਦੇ ਨਾਤੇ ਸਾਰੇ ਚਾਹੁੰਦੇ ਹਨ ਕਿ ਅਜਿਹਾ ਕੋਈ ਕਾਨੂੰਨ ਹੋਂਦ ਵਿਚ ਨਹੀਂ ਰਹਿਣਾ ਚਾਹੀਦਾ ਜੋ ਕੈਨੇਡੀਅਨ ਚਾਰਟਰ ਆਫ਼ ਰਾਈਟਸ ਆਫ਼ ਫ਼ਰੀਡਮ ਅਧੀਨ ਮਿਲੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰੇ।

ਟੋਰਾਂਟੋ ਦੇ ਮੇਅਰ ਨੇ ਕੈਨੇਡਾ ਦੇ ਹੋਰ ਸ਼ਹਿਰਾਂ ਨੂੰ ਵੀ ਇਸ ਸੰਘਰਸ਼ ‘ਚ ਸ਼ਾਮਲ ਹੋਣ ਦਾ ਸੱਦਾ ਦਿਤਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਿਊਬੈਕ ਦੇ ਚੈਲਸੀ ਸ਼ਹਿਰ ਦੀ ਅਧਿਆਪਕ ਨੂੰ ਹਿਜਾਬ ਪਹਿਨਣ ਕਾਰਨ ਕਲਾਸ ‘ਚੋਂ ਕੱਢ ਦਿੱਤਾ ਗਿਆ ਅਤੇ ਬਾਅਦ ‘ਚ ਉਸ ਨੇ ਨੌਕਰੀ ਹੀ ਛੱਡ ਦਿੱਤੀ। ਇਸ ਘਟਨਾ ਕਾਰਨ ਬਿੱਲ 21 ਵਿਰੁੱਧ ਨਵੀਂ ਲੜਾਈ ਦਿੱਤੀ। ਇਸ ਤੋਂ ਪਹਿਲਾਂ ਕੈਲਗਰੀ ਦੀ ਮੇਅਰ ਜੋਤੀ ਗੋਂਡਕ ਵੀ ਸੰਘਰਸ਼ ‘ਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੇ ਹਨ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਆਗੂ ਅਤੇ ਬਰੈਂਪਟਨ ਦੀ ਵਸਨੀਕ ਸ਼ਰਨਜੀਤ ਕੌਰ ਵੱਲੋਂ ਟੋਰਾਂਟੋ ਸਿਟੀ ਕੌਂਸਲ ਦੀ ਸ਼ਲਾਘਾ ਕੀਤੀ ਗਈ ਹੈ ਜਿਸ ਵੱਲੋਂ 2019 ‘ਚ ਲਾਗੂ ਕੀਤੇ ਗਏ ਬਿੱਲ 21 ਵਿਰੁੱਧ ਡਟਣ ਦਾ ਐਲਾਨ ਕੀਤਾ ਗਿਆ। ਸ਼ਰਨਜੀਤ ਕੌਰ ਨੇ ਕਿਹਾ ਕਿ ਕੈਨੇਡਾ ਵਿਚ ਕਿਸੇ ਸ਼ਖਸ ਨੂੰ ਆਪਣੇ ਧਰਮ ਅਤੇ ਰੁਜ਼ਗਾਰ ਵਿਚੋਂ ਇਕ ਚੀਜ਼ ਚੁਣਨ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ।

Share This Article
Leave a Comment