ਤੋਮਰ ਦੇ ਤੇਵਰ: ਸੰਘਰਸ਼ਸ਼ੀਲ ਕਿਸਾਨਾਂ ਨੂੰ ਜਜ਼ਬਾਤੀ ਪੱਤਰ

TeamGlobalPunjab
3 Min Read

-ਅਵਤਾਰ ਸਿੰਘ

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਹਰ ਰੋਜ਼ ਤੇਵਰ ਬਦਲ ਰਹੇ ਹਨ। ਉਹ ਆਪਣੇ “ਆਕਾ” ਤੋਂ ਡਰਦੇ ਕਿਧਰੇ ਕੋਈ ਬਿਆਨ ਦਿੰਦੇ ਕਿਧਰੇ ਕੋਈ। ਉਹ ਮੰਤਰੀ ਤਾਂ ਖੇਤੀਬਾੜੀ ਵਿਭਾਗ ਦੇ ਹਨ ਪਰ ਬਿਆਨ ਕਿਸਾਨਾਂ ਦੇ ਉਲਟ ਦੇ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਇਕ ਬਿਆਨ ਦਿੱਤਾ ਕਿ ਦਿੱਲੀ ਦੇ ਬਾਰਡਰਾਂ ਉਪਰ ਅੰਦੋਲਨ ਕਰ ਰਿਹਾ ਕਿਸਾਨ ਸਿਰਫ ਪੰਜਾਬ ਦਾ ਹੈ, ਜਦਕਿ ਕੌਮੀ ਰਾਜਧਾਨੀ ਦਿੱਲੀ ਦੇ ਸਾਰੇ ਬਾਰਡਰਾਂ ਉਪਰ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਸਾਰੇ ਰਾਜਾਂ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਦਰਅਸਲ ਕੇਂਦਰੀ ਮੰਤਰੀ ਸ਼੍ਰੀ ਤੋਮਰ ਜੀ ਦੀ ਜ਼ਬਾਨ ਕਿਸਾਨਾਂ ਦਾ ਸੰਘਰਸ਼ ਦੇਖ/ਸੁਣ ਕੇ ਆਪ ਮੁਹਾਰੇ ਬਦਲ ਰਹੀ ਹੈ। ਉਹ ਆਪਣੇ ਪ੍ਰਧਾਨ ਸੇਵਕ ਨੂੰ ਤਰ੍ਹਾਂ ਤਰ੍ਹਾਂ ਦੇ ਬਿਆਨ ਦਾਗ ਕੇ ਖੁਸ਼ ਕਰਨ ਦੀ ਫ਼ਿਰਾਕ ਵਿੱਚ ਰਹਿੰਦੇ ਹਨ।

ਕੱਲ੍ਹ (17 ਦਸੰਬਰ ) ਨੂੰ ਇਕ ਪੱਤਰ ਲਿਖਿਆ ਜਿਸ ਵਿੱਚ 22 ਦਿਨਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਤੱਕ ਪੱਤਰ ਰਾਹੀਂ ਪਹੁੰਚ ਕਰਦਿਆਂ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਘੱਟੋ-ਘੱਟੋ ਸਮਰਥਨ ਮੁੱਲ (ਐੱਮਐੱਸਪੀ) ਜਾਰੀ ਰਹੇਗਾ। ਅੱਠ ਸਫ਼ਿਆਂ ਦੇ ਇਸ ਜਜ਼ਬਾਤੀ ਪੱਤਰ ਵਿੱਚ ਤੋਮਰ ਨੇ ਕਿਹਾ ਕਿ ਵਧੇਰੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਤੋਂ ਖ਼ੁਸ਼ ਹਨ ਪ੍ਰੰਤੂ ਕੁਝ ਧਿਰਾਂ ਵਲੋਂ ‘ਝੂਠ’ ਦੇ ਆਧਾਰ ’ਤੇ ਤਣਾਅ ਪੈਦਾ ਕਰਨ ਲਈ ‘ਸਾਜ਼ਿਸ਼’ ਤਹਿਤ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈੇ।

ਕਿਸਾਨਾਂ ਦੇ ਨਾਂ ਪੱਤਰ ਦੇ ਸ਼ੁਰੂ ਵਿੱਚ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਦੇਸ਼ ਦੇ ਕਿਸਾਨਾਂ ਦੇ ਸੰਪਰਕ ਵਿੱਚ ਹਨ। ਬਹੁਤ ਸਾਰੀਆਂ ਕਿਸਾਨ ਯੂਨੀਅਨਾਂ ਨੇ ਖੇਤੀ ਕਾਨੂੰਨਾਂ ਦਾ ਸਵਾਗਤ ਕੀਤਾ ਹੈ ਪ੍ਰੰਤੂ ਦੂੁਜਾ ਪੱਖ ਇਹ ਹੈ ਕਿ ਕੁਝ ਲੋਕਾਂ ਵਲੋਂ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਲਿਖਿਆ, ‘‘ਦੇਸ਼ ਦਾ ਖੇਤੀਬਾੜੀ ਮੰਤਰੀ ਹੋਣ ਨਾਤੇ ਮੇਰਾ ਇਹ ਫ਼ਰਜ਼ ਬਣਦਾ ਹੈ ਕਿ ਮੈਂ ਤਿੰਨ ਖੇਤੀ ਕਾਨੂੰਨਾਂ ਬਾਰੇ ਸਪੱਸ਼ਟ ਕਰਾਂ। ਖੇਤੀ ਮੰਤਰੀ ਹੋਣ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਖੇਤੀ ਕਾਨੂੰਨਾਂ ਦੇ ਨਾਂ ’ਤੇ ਸਰਕਾਰ ਅਤੇ ਦਿੱਲੀ ਬਾਰਡਰਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਵਿਚਾਲੇ ਫੈਲਾਈ ਜਾ ਰਹੀ ਸਾਜ਼ਿਸ਼ ਦਾ ਮੈਂ ਪਰਦਾਫ਼ਾਸ਼ ਕਰਾਂ।’’ ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਐੱਮਐੱਸਪੀ ਖ਼ਰੀਦ ਨੇ ਇਸ ਵਾਰ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹੀ ਪੱਤਰ ਰੀਟਵੀਟ ਕੀਤਾ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਜੋ “ਆਕਾ” ਨੇ ਲਿਖ ਕੇ ਦਿੱਤਾ ਓਹੀ ਅੱਗੇ ਬੋਲ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਖੇਤੀਬਾੜੀ ਮੰਤਰੀ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਪ੍ਰਦਾਨ ਕਰਦੇ ਫੇਰ ਆਪਣੇ ਜਜ਼ਬਾਤ ਪ੍ਰਗਟ ਕਰਦੇ। ਪਰ ਉਨ੍ਹਾਂ ਨੇ ਤਾਂ ਓਹੀ ਕੁਝ ਕਰਨਾ ਸੀ ਜੋ ਉਨ੍ਹਾਂ ਦੇ “ਉੱਪਰ” ਵਾਲੇ ਨੂੰ ਮਨਜੂਰ ਹੈ।

- Advertisement -

Share this Article
Leave a comment