ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਉਤਪਾਦਨ ਨੂੰ ਠੱਲ੍ਹ ਪਾਉਣ ਲਈ ਸਪਿਰਟ ਦੀ ਆਵਾਜਾਈ ਦੌਰਾਨ ਚੋਰੀ ਰੋਕਣ ਲਈ ਪੁਖਤਾ ਪ੍ਰਬੰਧਾਂ ਦੇ ਹੁਕਮ

TeamGlobalPunjab
4 Min Read

ਚੰਡੀਗੜ੍ਹ : ਉਤਪਾਦਕਾਂ ਅਤੇ ਟਰਾਂਸਪੋਰਟਰਾਂ ਦਰਮਿਆਨ ਨਾਪਾਕ ਗਠਜੋੜ, ਜਿਸ ਦਾ ਸਿੱਟਾ ਹਾਲ ਹੀ ਦੇ ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਰੂਪ ਵਿੱਚ ਨਿਕਲਿਆ ਸੀ, ਨੂੰ ਤੋੜਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਦਮ ਚੁੱਕੇ ਜਾਣ ਦੇ ਹੁਕਮ ਦਿੱਤੇ ਹਨ। ਇਨ•ਾਂ ਕਦਮਾਂ ਵਿੱਚ ਈਥਾਨੌਲ, ਸਪਿਰਟ ਅਤੇ ਹੋਰ ਉਤਪਾਦਾਂ, ਜੋ ਕਿ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ, ਦੀ ਵਾਹਨਾਂ ਰਾਹੀਂ ਆਵਾਜਾਈ ਦੌਰਾਨ ਗੈਰ-ਸਮਾਜਿਕ ਤੱਤਾਂ ਦੁਆਰਾ ਚੋਰੀ ਰੋਕਣ ਲਈ ਜੀ.ਪੀ.ਐਸ. ਪ੍ਰਣਾਲੀ ਨਾਲ ਇਨ੍ਹਾਂ ਵਾਹਨਾਂ ਨੂੰ ਜੋੜਿਆ ਜਾਣਾ ਸ਼ਾਮਲ ਹੈ।

ਮੁੱਖ ਮੰਤਰੀ ਦੇ ਹੁਕਮਾਂ ‘ਤੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਸਤੰਬਰ ਤੋਂ ਕੋਈ ਵੀ ਵਾਹਨ ਜੀ.ਪੀ.ਐਸ ਤੇ ਛੇੜਛਾੜ ਰਹਿਤ ਸੀਲਬੰਦੀ ਤੋਂ ਬਿਨਾਂ ਢੋਆ-ਢੁਆਈ ਨਹੀਂ ਕਰ ਸਕੇਗਾ।

ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਮਾਨ ਲਿਜਾਣ ਵਾਲੇ ਵਾਹਨ ਦੇ ਜੀ.ਪੀ.ਐਸ. ਕੌਆਰਡੀਨੇਟਸ ਨੂੰ ਯੂਨਿਟ ਦੁਆਰਾ ਸਾਮਾਨ ਪੁੱਜਦਾ ਕਰਨ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਕਦਮ ਦਾ ਮਕਸਦ ਡਿਸਟਿਲਰੀਆਂ ਦੁਆਰਾ ਉਤਪਾਦਨ ਕੀਤੀ ਜਾਂਦੀ ਐਕਸਟਰਾ ਨਿਊਟਰਲ ਐਲਕੋਹਲ (ਈ.ਐਨ.ਏ.), ਈਥਾਨੌਲ, ਸਪੈਸ਼ਲੀ ਡੀਨੇਚਰਡ ਸਪਿਰਟ (ਐਸ.ਡੀ.ਐਸ.), ਡੀਨੇਚਰਡ ਸਪਿਰਟ (ਡੀ.ਐਨ.ਐਸ.) ਅਤੇ ਰੈਕਟੀਫਾਈਡ ਸਪਿਰਟ (ਆਰ.ਐਸ.) ਦੀ ਢੋਆ-ਢੁਆਈ ‘ਤੇ ਕਰੜੀ ਨਜ਼ਰ ਰੱਖਣਾ ਹੈ।

ਆਬਕਾਰੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਟੈਂਕਰਾਂ ਦੀ ਛੇੜਛਾੜ ਰਹਿਤ ਸੀਲਬੰਦੀ, ਇਨ੍ਹਾਂ ਦੀ ਰਵਾਨਗੀ ਤੋਂ ਪਹਿਲਾਂ ਡਿਸਟਿਲਰੀ ਯੂਨਿਟਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਨਵੇਂ ਨਿਯਮਾਂ ਤਹਿਤ ਇਹ ਸੀਲ ਸਿਰਫ਼ ਸਾਮਾਨ ਦੇ ਪ੍ਰਾਪਤ ਕਰਤਾ ਦੁਆਰਾ ਹੀ ਤੋੜੀ ਜਾਵੇਗੀ। ਇਸ ਸਬੰਧੀ ਸਾਮਾਨ ਰਵਾਨਾ ਅਤੇ ਸਾਮਾਨ ਪ੍ਰਾਪਤ ਕਰਨ ਵਾਲੀਆਂ ਯੂਨਿਟਾਂ ਦੁਆਰਾ ਪੂਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਹਰੇਕ ਟੈਂਕਰ/ਟਰੱਕ ਦੀ ਸਰਟੀਫਿਕੇਸ਼ਨ (ਪ੍ਰਮਾਣਿਕਤਾ) ਦਾ ਰਿਕਾਰਡ ਵੀ ਹਰ ਹਾਲਤ ਵਿੱਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ।

- Advertisement -

ਕਿਸੇ ਵੀ ਸਥਿਤੀ ਦੌਰਾਨ ਪੰਜਾਬ ਰਾਜ ਵਿਚ ਸਿਰਫ ਨੁਕਸ ਪੈਣ ਦੀ ਸਥਿਤੀ ਤੋਂ ਬਿਨਾਂ ਆਵਾਜਾਈ ਵਾਲੇ ਵਾਹਨ ਨੂੰ ਰਾਹ ਵਿੱਚ ਰੋਕਣ ਦੀ ਆਗਿਆ ਨਹੀਂ ਹੋਵੇਗੀ। ਨੁਕਸ ਪੈਣ ਦੀ ਸਥਿਤੀ ਵਿੱਚ ਵੀ ਉਤਪਾਦਨ ਯੂਨਿਟ ਨੂੰ ਇਸ ਦੇ 15 ਮਿੰਟ ਵਿੱਚ ਯੂਨਿਟ ਦੇ ਆਬਕਾਰੀ ਅਫਸਰ ਇੰਚਾਰਜ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਵਾਹਨ ਦੇ ਆਉਟਲੈਟ ਦੀਆਂ ਸੀਲਾਂ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਤੋੜਿਆਂ ਨਹੀਂ ਜਾਣਾ ਚਾਹੀਦਾ।

ਨੁਕਸ ਪੈਣ ਦੌਰਾਨ ਜੇ ਵਾਹਨ ਵਿੱਚ ਲੱਦੇ ਮਾਲ/ਉਤਪਾਦਾਂ ਨੂੰ ਕਿਸੇ ਹੋਰ ਵਾਹਨ ਵਿੱਚ ਤਬਦੀਲ ਕਰਨ ਦੀ ਲੋੜ ਪੈਂਦੀ ਹੈ ਤਾਂ ਅਜਿਹਾ ਸਬੰਧਤ ਅਧਿਕਾਰ ਖੇਤਰ ਦੇ ਆਬਕਾਰੀ ਅਧਿਕਾਰੀ ਦੀ ਹਾਜ਼ਰੀ ਅਤੇ ਨਿਰਦੇਸ਼ਾਂ ਮੁਤਾਬਕ ਹੀ ਕੀਤਾ ਜਾਵੇਗਾ।

ਜੇਕਰ ਵਾਹਨ ਖਰਾਬ ਹੋਣ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਪੰਜਾਬ ਰਾਜ ਦੇ ਅਧਿਕਾਰ ਖੇਤਰ ਵਿਚ ਰੋਕਿਆ ਜਾਂਦਾ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਵਾਹਨ ਨੂੰ ਲੱਦੇ ਮਾਲ ਵਿੱਚ ਘਪਲੇਬਾਜ਼ੀ ਕਰਨ ਦੇ ਇਰਾਦੇ ਨਾਲ ਰੋਕਿਆ ਗਿਆ ਹੈ। ਅਜਿਹੇ ਹਾਲਤਾਂ ਵਿੱਚ ਡਿਸਟਿਲਰੀ ਅਤੇ ਟਰਾਂਸਪੋਰਟਰ ਉਪਰ ਸਾਂਝੇ ਤੌਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਾਲ/ਉਤਪਾਦ ਪ੍ਰਾਪਤ ਕਰਨ ਵਾਲੀ ਇਕਾਈ ਇਹ ਯਕੀਨੀ ਬਣਾਵੇਗੀ ਕਿ ਖਰੀਦਿਆ ਗਿਆ ਅਤੇ ਆਵਾਜਾਈ ਵਾਲੇ ਵਾਹਨ ਵਿਚ ਲੱਦਿਆ ਸਾਰਾ ਮਾਲ ਉਤਾਰਿਆ ਗਿਆ ਹੈ ਜਾਂ ਨਹੀਂ। ਇਸਦੇ ਨਾਲ ਹੀ ਇਹ ਦੇਖਣਾ ਵੀ ਇਕਾਈ ਦੀ ਹੀ ਜ਼ਿੰਮੇਵਾਰੀ ਹੋਵੇਗੀ ਕਿ ਵਾਹਨ ਵਿੱਚ ਕੋਈ ਸਮੱਗਰੀ/ਮਾਲ ਬਕਾਇਆ ਤਾਂ ਨਹੀਂ ਰਿਹਾ।

Share this Article
Leave a comment