ਘਰੇਲੂ ਕੰਮਾਂ ਨੂੰ ਸੌਖਾ ਅਤੇ ਦਿਲਚਸਪ ਬਣਾਉਣ ਲਈ ਸੁਝਾਅ

TeamGlobalPunjab
8 Min Read

-ਸ਼ਰਨਬੀਰ ਕੌਰ ਬੱਲ ਅਤੇ ਰਿੱਤੂ ਗੁਪਤਾ

ਘਰੇਲੂ ਕੰਮਾਂ ਅਤੇ ਪਰਿਵਾਰ ਦੇ ਜੀਆਂ ਦੀ ਦੇਖਭਾਲ ਦੇ ਨਾਲ ਨਾਲ ਕੁੱਝ ਸੁਆਣੀਆਂ ਖੇਤੀਬਾੜੀ ਧੰਦਿਆਂ ਜਿਵੇਂ ਕਿ ਅਨਾਜ ਦੀ ਸਾਂਭ ਸੰਭਾਲ, ਪਸ਼ੂਆਂ ਦੀ ਦੇਖਭਾਲ, ਬਾਲਣ ਦੀ ਢੋਆ-ਢੋਆਈ ਆਦਿ ਵਿੱਚ ਰੁਝੀਆਂ ਰਹਿੰਦੀਆਂ ਹਨ ਅਤੇ ਪਰਿਵਾਰਕ ਆਮਦਨ ਵਧਾਉਣ ਲਈ ਘਰੋਂ ਬਾਹਰ ਜਾ ਕੇ ਨੌਕਰੀਆਂ ਕਰਦੀਆਂ ਹਨ। ਖੋਜਾਂ ਦੇ ਅਧਾਰ ਤੇ ਅਨੁਮਾਨ ਲਗਾਇਆ ਗਿਆ ਹੈ ਕਿ ਘਰੇਲੂ ਕੰਮਾਂ ਵਿਚ ਲਗਭਗ ਹਰ ਰੋਜ਼ 2700-2800 ਕਿਲੋ ਕਲੋਰੀਜ਼ ਸਰੀਰਕ ਉਰਜਾ ਦੀ ਖਪਤ ਹੁੰਦੀ ਹੈ ਅਤੇ ਕੰਮ ਕਾਜੀ ਅੋਰਤਾਂ ਮਰਦਾਂ ਨਾਲੋਂ ਵੱਧ ਕੰਮ ਕਰਦੀਆਂ ਹਨ ਨਤੀਜੇ ਵਜੋਂ ਕਈ ਵਾਰੀ ਉਹ ਥਕਾਵਟ, ਚਿੜਚਿੜਾਪਨ ਜਾਂ ਅਕੇਵਾ ਮਹਿਸੂਸ ਕਰਦੀਆਂ ਹਨ ਜਿਸ ਕਾਰਨ ਕੁੱਝ ਕੰਮ ਅਧੂਰੇ ਰਹਿ ਜਾਣ ਕਰਕੇ ਘਰ ਵਿੱਚ ਤਣਾਅ ਪੂਰਣ ਮਾਹੌਲ ਬਣ ਜਾਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸੁਆਣੀਆਂ ਦੀ ਸੁਚਾਰੂ ਰੂਪ ਨਾਲ ਘਰੇਲੂ ਕੰਮ ਕਰਨ ਦੀ ਸਮਰਥਾ ਵੱਧ ਸਕੇ ਅਤੇ ਉਹ ਆਪਣੇ ਪਰਿਵਾਰ ਲਈ ਜ਼ਿੰਮੇਵਾਰੀਆਂ ਖੁਸ਼ੀ-ਖੁਸ਼ੀ ਨਿਭਾ ਸੱਕਣ। ਹੇਠ ਲਿਖੇ ਕੁੱਝ ਤਰੀਕੇ ਸੁਆਣੀਆਂ ਦੀ ਘਰੇਲੂ ਕੰਮਾਂ ਵਿੱੱਚ ਦਿਲਚਸਪੀ ਵਧਾਉਣ ਅਤੇ ਕੰਮ ਕਰਕੇ ਹੋਣ ਵਾਲੀ ਥਕਾਵਟ ਘਟਾਉਣ ਲਈ ਕਾਰਗਾਰ ਸਿੱਧ ਹੋ ਸਕਦੇ ਹਨ।
ਕੰਮਾਂ ਦਾ ਸਹੀ ਸੰਗਠਨ ਅਤੇ ਕੰਮ ਲਈ ਲੋੜ ਅਨੁਸਾਰ ਸਾਧਨਾਂ ਦਾ ਸਹੀ ਪ੍ਰਬੰਧ
ਸਮਾਂ ਅਤੇ ਸ਼ਕਤੀ ਬਚਾਉਣ ਵਾਲੇ ਉਪਕਰਨਾਂ ਦੀ ਵਰਤੋਂ
ਸ਼ਰੀਰਕ ਗਤੀਆਂ ਦਾ ਸਹੀ ਸੰਚਾਲਨ
ਕੰਮਾਂ ਦਾ ਸਹੀ ਸੰਗਠਨ ਅਤੇ ਕੰਮ ਲਈ ਲੋੜ ਦੇ ਸਾਧਨਾਂ ਦਾ ਸਹੀ ਪ੍ਰਬੰਧ
ਵੱਖ ਵੱਖ ਕੰਮਾਂ ਦੇ ਅਧਾਰ ਤੇ ਵਰਤਿਆ ਜਾਣ ਵਾਲਾ ਸਮਾਨ ਨੇੜੇ ਜਾਂ ਪਹੁੰਚ ਅੰਦਰ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਫਾਲਤੂ ਦੇ ਫੇਰੇ ਤੋਰੇ, ਉਠਣ ਬੈਠਣ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਰਸੋਈ ਵਿਚ ਕੰਮ ਕਰਨ ਵਾਲੇ ਸ਼ੈਲਫ ਸੁਆਣੀ ਦੀ ਕੂਹਣੀ ਦੀ ਉਚਾਈ ਤੋਂ 3-5 ਇੰਚ ਹੇਠਾਂ ਹੋਣੇ ਚਾਹੀਦੇ ਹਨ। ਸਾਮਾਨ ਰੱਖਣ ਵਾਲੇ ਸ਼ੈਲ਼ਫਾਂ ਦੀ ਉਚਾਈ ਵੀ ਉਸਦੀ ਸੌਖੀ ਪਹੁੰਚ ਵਿਚ ਹੋਵੇ ਤਾਂ ਜੋ ਚੀਜ਼ਾਂ ਨੂੰ ਅਰਾਮ ਨਾਲ ਚੁਕਿਆ ਅਤੇ ਧਰਿਆ ਜਾ ਸਕੇ।
ਸ਼ੈਲਫਾਂ ਦੀ ਡੂੰਘਾਈ 15-16 ਇੰਚ ਤੋਂ ਜਿਆਦਾ ਨਹੀ ਹੋਣੀ ਚਾਹੀਦੀ।
ਸਾਮਾਨ ਰੱਖਣ ਵੇਲੇ ਯਾਦ ਰਹੇ ਕਿ ਭਾਰਾ ਸਮਾਨ ਹੇਠਾਂ ਅਤੇ ਹਲਕਾ ਸਮਾਨ ਉੱਪਰ ਰੱਖਿਆ ਜਾਵੇ।
ਜ਼ਰੂਰੀ ਸੰਦ ਜਾਂ ਹੋਰ ਸਮਾਨ ਇਸ ਤਰ੍ਹਾਂ ਰੱਖੋ ਜਿਥੇ ਆਸਾਨੀ ਨਾਲ ਦਿਸਣ, ਚੁੱਕੇ ਜਾਂ ਮੁੜ ਧਰੇ ਜਾ ਸੱਕਣ।
ਸਾਮਾਨ ਵਾਲੇ ਡੱਬੇ ਪਾਰਦਰਸ਼ੀ ਹੋਣ ਤਾਂ ਜ਼ਿਆਦਾ ਚੰਗਾ ਹੈ ਨਹੀ ਤਾਂ ਡੱਬਿਆਂ ਉੱਪਰ ਲੇਬਲ ਲਗਾ ਕੇ ਰੱਖਣਾ ਚਾਹੀਦਾ ਹੈ।
ਸਾਮਾਨ ਰੱਖਣ ਵੇਲੇ ਚੀਜ਼ਾਂ ਵਿਚ ਥੋੜੀ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਜੋ ਚੁੱਕਣ ਵੇਲੇ ਸੌਖ ਰਹੇ।
ਰਸੋਈ ਵਿੱਚ ਪਾਣੀ ਅਤੇ ਬਾਲਣ ਦਾ ਪ੍ਰੰਬਧ ਨੇੜੇ ਹੋਵੇ ਤਾਂ ਜੋ ਘੜੀ ਘੜੀ ਉਠਣਾ ਬੈਠਣਾ ਨਾ ਪਵੇ।
ਖਾਣਾ ਪਰੋਸਣ ਦੀ ਥਾਂ ਰਸੋਈ ਘਰ ਨੇੜੇ ਹੀ ਹੋਣੀ ਚਾਹੀਦੀ ਹੈ।
ਕਮਰਿਆਂ ਵਿਚ ਜ਼ਰੂਰੀ ਫਰਨੀਚਰ ਰੱਖੋ, ਜ਼ਰੂਰਤ ਤੋਂ ਜਿਆਦਾ ਫਰਨੀਚਰ ਕੰਮ ਵਿਚ ਔਖ ਪੈਦਾ ਕਰਦਾ ਹੈ ਅਤੇ ਸ਼ਕਤੀ ਖਰਚ ਨੂੰ ਵਧਾਉਂਦਾ ਹੈ। ਫਰਨੀਚਰ ਨੂੰ ਇਸ ਤਰ੍ਹਾਂ ਲਗਾਵੋ ਕਿ ਆਵਾਜਾਈ ਅਰਾਮ ਦੇਹ ਹੋਵੇ।
ਫਰਨੀਚਰ ਦੀ ਊਚਾਈ, ਡੂੰਘਾਈ ਜਾਂ ਹੋਰ ਨਾਪਾ ਕੰਮ ਕਰਨ ਵਾਲੇ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ।
ਜ਼ਿਆਦਾ ਭਾਰੀ ਫਰਨੀਚਰ ਦੀ ਚੋਣ ਨਾ ਕਰੋ ਤਾਂ ਜੋ ਇਕ ਤੋਂ ਦੂਜੀ ਜਗ੍ਹਾ ਰੱਖਣਾ ਸੁਖਾਲਾ ਰਹੇ।
ਸਾਮਾਨ ਦੀ ਸੰਭਾਲ ਲਈ ਅਲਮਾਰੀਆਂ ਦੀ ਊਚਾਈ ਅਤੇ ਡੂੰਘਾਈ ਪਹੁੰਚ ਵਿਚ ਹੋਵੇ।
ਫਰਸ਼ ਅਤੇ ਦੀਵਾਰਛ ਲਈ ਇਸ ਤਰ੍ਹਾਂ ਦਾ ਸਮਾਨ ਵਰਤੋ ਜਿਸ ਦੀ ਆਸਾਨੀ ਨਾਲ ਸਫਾਈ ਅਤੇ ਸੰਭਾਲ ਕੀਤੀ ਜਾ ਸਕੇ।
ਪੌੜੀਆਂ ਦੀ ਬਨਾਵਟ ਵੀ ਥਕਾਨ ਨੂੰ ਘਟਾਉਣ ਵਿਚ ਮਦਦ ਕਰਦੀ ਹੈ। ਪੌੜੀਆਂ ਦੀ ਉਚਾਈ 7-1/2 ਇੰਚ, ਪੈਰ ਰੱਖਣ ਦੀ ਥਾਂ 10-1/2 ਇੰਚ ਹੋਵੇ। ਘੁਮਣਦਾਰ ਪੌੜੀ ਜ਼ਿਆਦਾ ਥਕਾਵਟ ਪੈਦਾ ਕਰਦੀ ਹੈ। ਪੌੜੀ ਨਾਲ ਹੱਥੇ ਦਾ ਪ੍ਰੰਬਧ ਹੋਵੇ ਤਾਂ ਸੁਖਾਲਾ ਚੜਿ੍ਹਆ ਜਾ ਸਕਦਾ ਹੈ।
ਸਮਾਂ ਅਤੇ ਸ਼ਕਤੀ ਬਚਾਉਣ ਵਾਲੇ ਉਪਕਰਨਾਂ ਦੀ ਵਰਤੋਂ
ਕੰਮ ਨੂੰ ਸੁਖਾਲਾ ਬਨਾਉਣ ਵਿਚ ਸਮਾਂ ਅਤੇ ਸ਼ਕਤੀ ਬਚਾਉਣ ਵਾਲੇ ਸੰਦਾਂ ਦਾ ਬਹੁਤ ਯੋਗਦਾਨ ਹੈ।ਹੱਥੀ ਪੀਹਣ ਨੂੰ ਮਿਕਸਰ ਜਾਂ ਗਰਾਈਂਡਰ ਨਾਲ ਬਦਲਿਆ ਜਾ ਸਕਦਾ ਹੈ।ਹੱਥ ਨਾਲ ਕਪੜੇ ਧੋਣ ਦੀ ਥਾਂ ਮਸ਼ੀਨ ਦੀ ਵਰਤੋਂ ਕਰਣੀ ਚਾਹੀਦੀ ਹੈ ।ਹੋਰ ਵੀ ਬਹੁਤ ਸਾਰੇ ਉਪਕਰਨ ਹਨ ਜਿਵੇਂ ਟੋਸਟਰ, ਅਵਨ, ਕੇਟਲ, ਪ੍ਰੈਸ, ਹੀਟਰ, ਆਟਾ ਗੁਨਣ ਵਾਲੀ ਮਸ਼ੀਨ ਆਦਿ ਜਿਹੜੇ ਸਰੀਰਕ ਊਰਜਾ ਦੀ ਬਚੱਤ ਕਰ ਸਕਦੇ ਹਨ।
ਕਈ ਸੰਦ ਬਿਨ ਬਿਜਲੀ ਦੇ ਬਿਨਾਂ ਵੀ ਚਲਦੇ ਹਨ ਜਿਵੇਂ ਚਾਕੂ, ਪੀਲਰ ਪ੍ਰੈਸ਼ਰ ਕੂਕਰ, ਬੀਟਰ ਆਦਿ। ਇਹ ਸੰਦ ਜ਼ਿਆਦਾ ਮਹਿੰਗੇ ਵੀ ਨਹੀ ਹੁੰਦੇ ਅਤੇ ਅਸਾਨੀ ਨਾਲ ਖਰੀਦੇ ਜਾ ਸਕਦੇ ਹਨ।
ਇਹਨਾਂ ਸੰਦਾਂ ਦੀ ਵਰਤੋਂ ਕਰਕੇ ਸੁਆਣੀ ਸਰੀਰਕ ਊਰਜਾ ਦੀ ਬਚਤ ਕਰ ਸਕਦੀ ਹੈ। ਕੰਮ ਵਾਲੇ ਸੰਦ ਚੰਗੀ ਹਾਲਤ ਵਿਚ ਹੋਣੇ ਚਾਹੀਦੇ ਹਨ ਤਾਂ ਜੋ ਕੰਮ ਵੇਲੇ ਕੋਈ ਥਕਾਵਟ ਜਾਂ ਚਿੜਚਿੜਾਪਨ ਨਾ ਪੈਦਾ ਹੋਵੇ।
ਸਰੀਰਕ ਗਤੀਆਂ ਦਾ ਸੰਚਾਲਨ
ਕੋਈ ਵੀ ਕੰਮ ਕਰਨ ਵੇਲੇ ਕਈ ਸਰੀਰਕ ਗਤੀਆਂ ਕਰਦੇ ਹਾਂ, ਉਹਨਾਂ ਵਿੱੱਚ ਕਈ ਅਜਿਹੀਆਂ ਵੀ ਹੁੰਦੀਆਂ ਹਨ ਜਿਨਾਂ ਦੀ ਉਸ ਕੰਮ ਲਈ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ।
ਸੋ ਅਜਿਹਾ ਧਿਆਨ ਰੱਖਣ ਨਾਲ ਆਪਣੀਆਂ ਵਾਧੂ ਸਰੀਰਕ ਗਤੀਆਂ ਘਟਾ ਕੇ ਸਰੀਰਕ ਸ਼ਕਤੀ ਨੂੰ ਬਹੁਤ ਹੱਦ ਤੱਕ ਬਚਾ ਸਕਦੇ ਹਾਂ, ਸਹੀ ਸਥਿਤੀ ਵਿਚ ਕੰਮ ਕਰਨ ਨਾਲ ਨਾ ਕੇਵਲ ਊਰਜਾ ਬਚਦੀ ਹੈ ਸਗੋਂ ਕਈ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ।
ਖੜੇ ਹੋ ਕੇ ਕੰਮ ਕਰਨ ਵੇਲੇ ਸਰੀਰ ਦਾ ਮੁੱਖ ਭਾਗ ਰੀੜ ਦੀ ਹੱਡੀ ਉਪੱਰ ਸੰਤੁਲਿਤ ਹੋਣਾ ਚਾਹੀਦਾ ਹੈ। ਇਸ ਲਈ ਕੰਮ ਬਿਨਾਂ ਝੁਕੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖੜੇ ਹੋ ਕੇ ਕੰਮ ਕਰਨ ਨਾਲ ਬੈਠਣ ਦੀ ਥਕਾਵਟ ਘੱਟ ਜਾਂਦੀ ਹੈ। ਕਈ ਕੰਮਾਂ ਨੂੰ ਬੈਠ ਕੇ ਵੀ ਪੂਰਾ ਕਰਨਾ ਪੈਂਦਾ ਹੈ। ਇਸ ਲਈ ਬੈਠ ਕੇ ਕੰਮ ਕਰਨ ਵੇਲੇ ਪੈਰਾਂ ਭਾਰ ਨਹੀ ਬੈਠਣਾ ਚਾਹੀਦਾ। ਇਸ ਵਿਚ ਊਰਜਾ ਦੀ ਖਪਤ ਜ਼ਿਆਦਾ ਹੁੰਦੀ ਹੈ। ਬੈਠ ਕੇ ਕੰਮ ਕਰਨ ਵੇਲੇ ਪਟੜੇ ਜਾਂ ਪੀੜ੍ਹੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੰਮ ਕਰਨ ਵੇਲੇ ਆਪਣੇ ਹੱਥਾਂ ਅਤੇ ਬਾਹਵਾਂ ਦੀ ਗਤੀ ਇਕਸਾਰ ਰੱਖਣ ਨਾਲ ਵੀ ਥਕਾਵਟ ਘੱਟ ਜਾਂਦੀ ਹੈ।ਹੱਥਾਂ ਅਤੇ ਬਾਹਵਾਂ ਦੀ ਥਕਾਨ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਲੈਜਾਣ ਲਈ ਟਰੇਆਂ, ਟਰਾਲੀ ਅਤੇ ਅਰਾਮਦਾਇਕ ਹੈਂਡਲ ਵਾਲੀਆਂ ਟੋਕਰੀਆਂ ਜਾਂ ਥੈੀਲਆਂ ਦੀ ਵਰਤੋਂ ਕੀਤੀ ਜਾਵੇ।
ਕੋਈ ਵੀ ਭਾਰਾ ਸਮਾਨ ਚੁੱਕਣ ਵੇਲੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਲਵੋ। ਅਜਿਹਾ ਕਰਨ ਨਾਲ ਦੋਵਾਂ ਹੱਥਾਂ ਵਿੱਚ ਆਰਾਮ ਨਾ ਭਾਰ ਚੱਕਿਆ ਜਾਂਦਾ ਹੈ ਅਤੇ ਸਰੀਰ ਦਾ ਸੰਤੁਲਨ ਵੀ ਨਹੀਂ ਵਿਗੜਦਾ। ਆਪਣੇ ਗੁੱਟ ਅਤੇ ਹੱੱਥ ਦੀ ਥਕਾਵਟ ਘਟਾਉਣ ਲਈ ਭਾਰ ਚੱਕਣ ਵੇਲੇ ਗੁੱਟ ਨੂੰ ਕੂਹਣੀ ਦੇ ਲੈਵਲ ਤੋਂ ਉੱਪਰ ਨਾ ਲੈ ਜਾਉ।
ਖੇਤੀ ਦੇ ਸੰਦ ਜਾਂ ਕੋਈ ਵੀ ਹੋਰ ਭਾਰਾ ਸਮਾਨ ਲੈਜਾਂਦੇ ਸਮੇਂ ਇਨਾਂ ਨੂੰ ਸਾਰਾ ਰਸਤਾ ਇੱਕੋ ਹੀ ਹੱਥ ਵਿੱਚ ਫੜ ਕੇ ਨਾ ਲੈ ਜਾਉ, ਸਗੋਂ ਥੋੜੀ ਦੇਰ ਬਾਅਦ ਭਾਰ ਦੂਜੇ ਹੱਥ ਵਿੱਚ ਚੂਕਣ ਨਾਲ ਥਕਾਨ ਘੱਟ ਹੁੰਦੀ ਹੈ।
ਕੋਈ ਵੀ ਭਾਰੀਆਂ ਚੀਜ਼ਾਂ ਚੁੱਕਣ ਵੇਲੇ ਚੀਜ਼ ਦੇ ਨੇੜੇ ਰਵੋ ਅਤੇ ਆਪਣੇ ਗੋਡਿਆਂ ਨੂੰ ਚੁੱਕੀ ਜਾਣ ਵਾਲੀ ਚੀਜ਼ ਦੇ ਲੈਵਲ ਤੱਕ ਚੁਕਾ ਲਵੋ, ਫਿਰ ਹੌਲੀ-ਹੌਲੀ ਆਪਣੇ ਗੋਡਿਆਂ ਨੂੰ ਸਿੱਧਾ ਕਰਕੇ ਖੜੇ ਹੋਵੋ।
ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਜ਼ੋਰ ਘਟਾਉਣ ਲਈ ਅਤੇ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਲਈ ਕੰਮ ਕਰਨ ਵੇਲੇ ਖੜੇ ਹੋਣ, ਬੈਠਣ ਅਤੇ ਝੁਕਣ ਦੇ ਸਹੀ ਆਸਣਾਂ ਨਾਲ ਵੀ ਘੱਟ ਥਕਾਨ ਹੁੰਦੀ ਹੈ।ਕੰਮ ਕਰਨ ਦੇ ਗਲਤ ਆਸਣਾਂ ਨਾਲ ਪਿੱਠ ਅਤੇ ਕਮਰ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ ਸਰੀਰਕ ਪੱਠਿਆਂ ਉੱਪਰ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਜੇਕਰ ਅਸੀ ਇਹਨਾਂ ਨੁਕਤਿਆਂ ਦੀ ਪਾਲਣਾ ਕਰੀਏ ਤਾਂ ਕੰਮ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਥਕਾਵਟ ਘੱਟ ਹੁੰਦੀ ਹੈ। ਇਸ ਤਰ੍ਹਾਂ ਕੰਮਕਾਜ਼ੀ ਔਰਤਾਂ ਆਪਣੀ ਸ਼ਕਤੀ ਦਾ ਸਦਪ੍ਰਯੋਗ ਕਰ ਸਕਦੀਆਂ ਹਨ ਅਤੇ ਘਰੇਲੂ ਕੰਮਾਂ ਨੂੰ ਸੁਚਾਰੂ ਢੰਗ ਨਾਲ ਸਿਰੇ ਚੜਾ ਸਕਦੀਆਂ ਹਨ।

ਭਾਰੀਆਂ ਚੀਜ਼ਾਂ ਚੁੱੱਕਣ ਵੇਲੇ, ਪਾਰਦਰਸ਼ੀ ਸਾਮਾਨ ਵਾਲੇ ਡੱਬੇ, ਹੱਥੀ ਆਟਾ ਗੁਨਣਾ, ਆਟਾ ਗੁਨਣ ਵਾਲੀ ਮਸ਼ੀਨ ਦੀ ਵਰਤੋਂ ਕਰਨ ਸਮੇਂ ਧਿਆਨ ਰੱਖੋ। #

Share this Article
Leave a comment