ਟਿਕੈਤ ਨੇ ਕਿਹਾ ਕੇਂਦਰ ਸਰਕਾਰ ਦੇ ਦਬਾਅ ਹੇਠ ਨਹੀਂ ਆਵਾਂਗੇ, ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਦਿੱਤਾ ਸਮਾਂ

TeamGlobalPunjab
2 Min Read

ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਫ਼ੈਸਲਾ ਕਰਨ ਲਈ ਖੁੱਲ੍ਹਾ ਸਮਾਂ ਦਿੰਦਿਆਂ ਕਿਹਾ ਕਿ ਉਹ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਲਈ ਫ਼ੈਸਲਾ ਕਰੇ। ਉਦੋਂ ਤਕ ਕਿਸਾਨ ਮੋਰਚਿਆਂ ’ਤੇ ਡਟੇ ਰਹਿਣਗੇ। ਟਿਕੈਤ ਨੇ ਕੇਂਦਰ ਸਰਕਾਰ ਦੇ ਕਿਸੇ ਤਰ੍ਹਾਂ ਦੇ ਦਬਾਅ ਹੇਠ ਨਾ ਆਉਣ ਦਾ ਦਾਅਵਾ ਵੀ ਕੀਤਾ।

ਇਸ਼ਤੋਂ ਇਲਾਵਾ ਟਿਕੈਤ ਨੇ ਕਿਹਾ, ‘ਅਸੀਂ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ 2 ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਉਸ ਤੋਂ ਬਾਅਦ ਹੀ ਕੋਈ ਹੋਰ ਯੋਜਨਾ ਬਣਾਵਾਂਗੇ। ਅਸੀਂ ਦਬਾਅ ਹੇਠ ਆ ਕੇ ਕੇਂਦਰ ਨਾਲ ਗੱਲਬਾਤ ਨਹੀਂ ਕਰਾਂਗੇ।’ ਟਿਕੈਤ ਨੇ ਚੱਕਾ ਜਾਮ ਦੇ ਸ਼ਾਂਤਮਈ ਤਰੀਕੇ ਨਾਲ ਪੂਰਾ ਹੋਣ ’ਤੇ ਤਸੱਲੀ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਚੱਕਾ ਜਾਮ ਨਾ ਕਰਨ ਦਾ ਫ਼ੈਸਲਾ ਕੁੱਝ ਰਿਪੋਰਟਾਂ ਮਗਰੋਂ ਲਿਆ ਗਿਆ ਸੀ, ਜਿਨ੍ਹਾਂ ’ਚ ਇਹ ਸੂਚਨਾ ਮਿਲੀ ਸੀ ਕਿ ਉਕਤ ਦੋਨਾਂ ਰਾਜਾਂ ’ਚ ਮਾੜੇ ਅਨਸਰਾਂ ਵੱਲੋਂ ਗੜਬੜ ਕੀਤੀ ਜਾ ਸਕਦੀ ਹੈ।

ਇਸੇ ਦੌਰਾਨ ਸਖ਼ਤ ਸੁਰੱਖਿਆ ਬੰਦੋਬਸਤ ਦੀ ਨਿੰਦਾ ਕਰਦਿਆਂ ਰਾਕੇਸ਼ ਟਿਕੈਤ ਨੇ ਪੁਲੀਸ ਬੈਰੀਕੇਡਾਂ ’ਤੇ ਸੁਰੱਖਿਆ ਬਲਾਂ ਵੱਲ ਸਨਮਾਨ ਵਜੋਂ ਸਿਰ ਝੁਕਾਇਆ ਤੇ ਕਿਹਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ। ਕਿਸਾਨ ਇਨ੍ਹਾਂ ਦੀ ਹਿਫ਼ਾਜ਼ਤ ਕਰਨਗੇ। ਇਸ ਲਈ ਦੋਨੋਂ ਕਿਸਾਨ ਤੇ ਸਿਪਾਹੀਆਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਪਵੇਗਾ। ਗਾਜ਼ੀਪੁਰ ਹੱਦ ਸਖ਼ਤ ਬੈਰੀਕੇਡਾਂ ਦੀ ਕੰਧ ਹੋਣ ਦੇ ਬਾਵਜੂਦ ਉਨ੍ਹਾਂ ਦੂਜੇ ਪਾਸੇ ਸੁਰੱਖਿਆ ਬਲਾਂ ਦੇ ਲੋਕਾਂ ਗੱਲਬਾਤ ਕੀਤੀ ਅਤੇ ਕਿਹਾ, ‘ਆਪਣੇ ਦੋਨੋਂ ਹੱਥ ਜੋੜ ਕੇ ਮੇਰਾ ਪ੍ਰਣਾਮ। ਹੁਣ ਤੁਸੀਂ ਸਾਰੇ ਮੇਰੇ ਖੇਤਾਂ ਦੀ ਰਾਖੀ ਕਰੋਗੇ।’ ਗਾਜ਼ੀਪੁਰ ਹੱਦ ’ਤੇ ਹਜ਼ਾਰਾਂ ਕਿਸਾਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਆ ਕੇ ਪ੍ਰਦਰਸ਼ਨ ਕਰ ਰਹੇ ਹਨ।

Share This Article
Leave a Comment