ਟਾਈਗਰ ਸ਼ਰੌਫ਼ ’ਤੇ ਫਾਇਰਿੰਗ ਮਾਮਲੇ ’ਚ ਵੱਡੀ ਕਾਰਵਾਈ, ਦਿੱਲੀ ਤੋਂ ਦੋ ਔਰਤਾਂ ਸਮੇਤ 4 ਗ੍ਰਿਫ਼ਤਾਰ

Global Team
4 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ’ਤੇ ਹੋਏ ਕਥਿਤ ਹਮਲੇ ਦੀ ਸਾਜ਼ਿਸ਼ ਦੀ ਜਾਂਚ ਹੁਣ ਦਿੱਲੀ ਤੱਕ ਪਹੁੰਚ ਗਈ ਹੈ। ਦਿੱਲੀ ਪੁਲੀਸ ਦੀ ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੁਨਾਲ, ਸੁਮਿਤ, ਰਾਧਾ ਅਤੇ ਬਬੀਤਾ ਵਜੋਂ ਹੋਈ ਹੈ। ਪੁਲੀਸ ਦਾ ਦੋਸ਼ ਹੈ ਕਿ ਇਨ੍ਹਾਂ ਚਾਰਾਂ ਨੇ ਹਮਲੇ ਲਈ ਵਰਤੇ ਗਏ ਹਥਿਆਰਾਂ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਹਮਲਾਵਰਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹੁਣ ਇਨ੍ਹਾਂ ਨੂੰ ਮੁੰਬਈ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਰਾਧਾ ਅਤੇ ਬਬੀਤਾ ’ਤੇ ਹਥਿਆਰ ਪਹੁੰਚਾਉਣ ਦਾ ਦੋਸ਼

ਜਾਂਚ ਨਾਲ ਜੁੜੀ ਜਾਣਕਾਰੀ ਮੁਤਾਬਕ, ਰਾਧਾ ਅਤੇ ਬਬੀਤਾ ਉੱਤਰ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ। ਦੋਸ਼ ਹੈ ਕਿ ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਦੇ ਕਥਿਤ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੀਆਂ ਹੋਈਆਂ ਸਨ ਅਤੇ ਗੈਂਗ ਲਈ ਕੂਰੀਅਰ ਵਜੋਂ ਕੰਮ ਕਰਦੀਆਂ ਸਨ।

ਪੁਲੀਸ ਮੁਤਾਬਕ, ਕੁਨਾਲ ਅਤੇ ਸੁਮਿਤ ਨੇ ਕਥਿਤ ਤੌਰ ’ਤੇ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ, ਜਦਕਿ ਰਾਧਾ ਅਤੇ ਬਬੀਤਾ ਨੇ ਮੁੰਬਈ ਦੇ ਦਾਦਰ ਇਲਾਕੇ ਵਿੱਚ ਜਾ ਕੇ ਇਹ ਹਥਿਆਰ ਗੈਂਗ ਨਾਲ ਜੁੜੇ ਲੋਕਾਂ ਨੂੰ ਸੌਂਪੇ ਸਨ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹਮਲੇ ਦੀ ਯੋਜਨਾ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ।

ਚਾਰਾਂ ਮੁਲਜ਼ਮਾਂ ਨੂੰ ਦਿੱਲੀ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਮੁੰਬਈ ਪੁਲੀਸ ਨੇ ਉਨ੍ਹਾਂ ਤੋਂ ਪੁੱਛਗਿੱਛ ਅਤੇ ਰਸਮੀ ਗ੍ਰਿਫ਼ਤਾਰੀ ਦੀ ਇਜਾਜ਼ਤ ਮੰਗੀ, ਜਿਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ। ਅਦਾਲਤ ਨੇ ਮੁੰਬਈ ਪੁਲੀਸ ਨੂੰ ਚਾਰਾਂ ਮੁਲਜ਼ਮਾਂ ਦੀ ਤਿੰਨ ਦਿਨ ਦੀ ਟ੍ਰਾਂਜ਼ਿਟ ਰਿਮਾਂਡ ਵੀ ਦੇ ਦਿੱਤੀ ਹੈ।

ਮੁੰਬਈ ’ਚ ਟਾਈਗਰ ਸ਼ਰੌਫ਼ ਦੀ ਕਾਰ ’ਤੇ ਚੱਲੀਆਂ ਸਨ ਗੋਲੀਆਂ

ਇਹ ਘਟਨਾ ਐਤਵਾਰ ਸ਼ਾਮ ਨੂੰ ਮੁੰਬਈ ਦੇ ਜੂਹੂ ਇਲਾਕੇ ਵਿੱਚ ਵਾਪਰੀ ਸੀ। ਅਦਾਕਾਰ ਜੈਕੀ ਸ਼ਰੌਫ਼ ਦੇ ਪੁੱਤਰ ਟਾਈਗਰ ਸ਼ਰੌਫ਼ ਫੁੱਟਬਾਲ ਖੇਡਣ ਗਏ ਹੋਏ ਸਨ। ਜਦੋਂ ਉਨ੍ਹਾਂ ਦੀ ਬੀਐੱਮਡਬਲਿਊ ਕਾਰ ਗੇਟ ਕੋਲ ਇਕੱਠੇ ਹੋਏ ਪ੍ਰਸ਼ੰਸਕਾਂ ਵਿਚਕਾਰੋਂ ਲੰਘ ਰਹੀ ਸੀ, ਤਾਂ ਦੋ ਵਿਅਕਤੀਆਂ ਨੇ ਕਾਰ ਵੱਲ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਮੁਤਾਬਕ, ਹਮਲਾਵਰਾਂ ਨੇ ਛੇ ਤੋਂ ਸੱਤ ਰਾਊਂਡ ਫਾਇਰ ਕੀਤੇ।

ਦੱਸਿਆ ਗਿਆ ਹੈ ਕਿ ਇੱਕ ਹਮਲਾਵਰ ਟਾਈਗਰ ਦੇ ਕਾਫ਼ੀ ਨੇੜੇ ਸੀ ਅਤੇ ਉਸ ਨੇ ਸਿੱਧਾ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕੀਤੀ। ਪਰ ਕਥਿਤ ਤੌਰ ’ਤੇ ਬੰਦੂਕ ਜਾਮ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਵਿੱਚ ਅਦਾਕਾਰ ਦਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ।

ਕੋਟਾ ਤੋਂ ਪਹਿਲਾਂ ਹੀ ਤਿੰਨ ਸ਼ੂਟਰ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਇਸ ਤੋਂ ਪਹਿਲਾਂ ਤਿੰਨ ਕਥਿਤ ਹਮਲਾਵਰਾਂ ਨੂੰ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਪਛਾਣ ਬਿਹਾਰ ਦੇ ਰਿਤਿਕ ਉਰਫ਼ ਰੋਸ਼ਨ, ਹਰਿਆਣਾ ਦੇ ਰੇਹਾਨ ਅਤੇ ਫੂਲ ਸਿੰਘ ਵਜੋਂ ਦੱਸੀ ਗਈ ਹੈ। ਤਿੰਨਾਂ ਦੀ ਉਮਰ ਕ੍ਰਮਵਾਰ 22, 18 ਅਤੇ 18 ਸਾਲ ਦੱਸੀ ਗਈ ਹੈ। ਪੁਲੀਸ ਮੁਤਾਬਕ, ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਇਨ੍ਹਾਂ ਮੁਲਜ਼ਮਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਗੈਂਗ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਵਿੱਚ ਇਹ ਪੱਖ ਵੀ ਖੰਗਾਲਿਆ ਜਾ ਰਿਹਾ ਹੈ ਕਿ ਕੀ ਟਾਈਗਰ ਸ਼ਰੌਫ਼ ਦੀ ਕਿਸੇ ਹੋਰ ਅਦਾਕਾਰ ਨਾਲ ਨੇੜਤਾ ਇਸ ਹਮਲੇ ਦਾ ਕਾਰਨ ਬਣੀ ਸੀ। ਹਾਲਾਂਕਿ, ਇਸ ਬਾਰੇ ਅੰਤਿਮ ਨਤੀਜਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

Share This Article
Leave a Comment