6 ਸਾਲਾਂ ਬੱਚੀ ਨੇ ਮੋਦੀ ਨੂੰ ਹੋਮਵਰਕ ਦਿੱਤੇ ਜਾਣ ਦੀ ਕੀਤੀ ਸ਼ਿਕਾਇਤ,ਕਿਹਾ-ਛੋਟੇ ਬੱਚੋਂ ਕੋ ਇਤਨਾ ਕਾਮ ਕਿਉਂ ਦੇਤੇ ਹੋ ਮੋਦੀ ਸਾਬ?

TeamGlobalPunjab
2 Min Read

ਨਵੀਂ ਦਿੱਲੀ:  ਇਕ 6 ਸਾਲਾਂ ਬੱਚੀ ਨੇ 45 ਸਕਿੰਟਾਂ ਦੀ ਵੀਡੀਓ ਜ਼ਰੀਏ ਆਨਲਾਈਨ ਕਲਾਸਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਮਵਰਕ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਸ਼ਮੀਰੀ ਬੱਚੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਕਾਰਵਾਈ ਕੀਤੀ ਹੈ। ਬੱਚਿਆਂ ‘ਤੇ ਪੜ੍ਹਾਈ ਦਾ ਦਬਾਅ ਘੱਟ ਕਰਨ ਲਈ ਉਨ੍ਹਾਂ ਨੀਤੀ ‘ਚ ਬਦਲਾਅ ਦੇ ਹੁਕਮ ਵੀ ਜਾਰੀ ਕੀਤੇ ਹਨ।

ਛੇ ਸਾਲ ਦੀ ਇਸ ਬੱਚੀ ਨੇ ਇਕ ਵੀਡੀਓ ਬਣਾ ਕੇ ਜ਼ਿਆਦਾ  ਹੋਮਵਰਕ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਵੀਡੀਓ ਨੂੰ ਟਵਿੱਟਰ ‘ਤੇ ਪੋਸਟ ਕੀਤਾ ਗਿਆ ਸੀ। ਦੇਖਦਿਆਂ ਹੀ ਦੇਖਦਿਆਂ ਇਹ ਵੀਡੀਓ ਵਾਇਰਲ ਹੋ ਗਈ। ਵੀਡੀਓ ਵਿੱਚ ਇਹ ਬੱਚੀ ਆਖਦੀ ਹੈ ਕਿ ਉਹਦੀਆਂ ਕਲਾਸ ਸਵੇਰੇ 10 ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ 2 ਵਜੇ ਤੱਕ ਚਲਦੀਆਂ ਹਨ। ਅੰਗਰੇਜ਼ੀ, ਗਣਿਤ, ਉਰਦੂ ਤੇ ਈਵੀਐੱਸ ਅਤੇ ਮਗਰੋਂ ਕੰਪਿਊਟਰ ਦੀ ਵੀ ਕਲਾਸ ਹੁੰਦੀ ਹੈ। ਛੋਟੇ ਬੱਚੋਂ ਕੋ ਇਤਨਾ ਕਾਮ ਕਿਉਂ ਦੇਤੇ ਹੋ ਮੋਦੀ ਸਾਬ? ਜਿਹੜੇ ਬੱਚੇ ਵੱਡੇ ਹਨ ਤੇ 7ਵੀਂ ਤੇ 8ਵੀਂ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ ਵਾਧੂ ਹੋਮਵਰਕ ਦਿੱਤਾ ਜਾਵੇ।’

ਜਿਸ ਤੋਂ ਬਾਅਦ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਇਸ ‘ਤੇ ਐਕਸ਼ਨ ਲਿਆ। ਸਿਨ੍ਹਾ ਨੇ ਕਿਹਾ ਕਿ ਬਚਪਨ ਦੀ ਮਾਸੂਮੀਅਤ ਰੱਬ ਵੱਲੋਂ ਦਿੱਤਾ ਤੋਹਫ਼ਾ ਹੈ ਤੇ ਇਹ ਦਿਨ ਆਨੰਦਮਈ, ਮਸਤੀ ਵਾਲੇ ਤੇ ਆਤਮਿਕ ਸੁਖ ਵਾਲੇ ਹੋਣੇ ਚਾਹੀਦੇ ਹਨ।

ਉਪ ਰਾਜਪਾਲ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਗਾਈਡਲਾਈਨਜ਼ ਜਾਰੀ ਕੀਤੀਆਂ। ਇਸ ਹੁਕਮ ਨੂੰ ਉਨ੍ਹਾਂ ਆਪਣੇ ਟਵਿੱਟਰ ਤੋਂ ਸ਼ੇਅਰ ਵੀ ਕੀਤਾ ਹੈ। ਨਵੀਂ ਨੀਤੀ ਦੇ ਮੁਤਾਬਕ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਕਲਾਸ ਦਿਨ ਭਰ ‘ਚ 30 ਮਿੰਟ ਤੋਂ ਜ਼ਿਆਦਾ ਨਹੀਂ ਹੋਵੇਗੀ। ਪਹਿਲੀ ਤੋਂ ਅੱਠਵੀਂ ਤਕ ਦੀਆਂ ਕਲਾਸਾਂ 30 ਤੋਂ 45 ਮਿੰਟ ਦੇ ਦੋ ਸੈਸ਼ਨਾਂ ‘ਚ ਲਾਈਆਂ ਜਾਣ।

Share this Article
Leave a comment