ਨਵੀ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਟਿਫਨੀ ਟਰੰਪ ਅੱਜ ਭਾਰਤ ਦੌਰੇ ‘ਤੇ ਹਨ। ਟਿਫਨੀ ਟਰੰਪ ਅਤੇ ਉਨ੍ਹਾਂ ਦੇ ਪਤੀ ਮਾਈਕਲ ਬੂਲੋਸ ਆਪਣੀ ਨਿੱਜੀ ਭਾਰਤ ਯਾਤਰਾ ਦੌਰਾਨ ਦਿੱਲੀ ਸਥਿਤ ਮਸ਼ਹੂਰ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਪਹੁੰਚੇ ।
ਦਿੱਲੀ ਵਿੱਚ ਉਨ੍ਹਾਂ ਨੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ ਅਤੇ ਭਾਰਤੀ ਸੱਭਿਆਚਾਰ ਦੀ ਖੂਬ ਤਾਰੀਫ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਤਾਜਮਹਿਲ ਦੇਖਣ ਲਈ ਆਗਰਾ ਜਾਣ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ। ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਤਾਜਮਹਿਲ ਵਿਦੇਸ਼ੀ ਮਹਿਮਾਨਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ ਅਤੇ ਟਰੰਪ ਪਰਿਵਾਰ ਦਾ ਇਸ ਨਾਲ ਪੁਰਾਣਾ ਲਗਾਅ ਵੀ ਰਿਹਾ ਹੈ।
ਅਕਸ਼ਰਧਾਮ ਮੰਦਰ ਅਤੇ ਟਿਫਨੀ ਟਰੰਪ ਦੋਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ (ਟਵਿੱਟਰ) ‘ਤੇ ਇਸ ਸੱਭਿਆਚਾਰਕ ਯਾਤਰਾ ਦੀ ਜਾਣਕਾਰੀ ਸਾਂਝੀ ਕੀਤੀ। ਟਿਫਨੀ ਟਰੰਪ ਨੇ ਆਪਣੀ ਪੋਸਟ ਵਿੱਚ ਅਕਸ਼ਰਧਾਮ ਮੰਦਰ ਦੇ ਅਨੁਭਵ ਨੂੰ ‘ਅਦਭੁਤ’ ਦੱਸਿਆ ਅਤੇ ਕਿਹਾ ਕਿ ਇਹ ਯਾਤਰਾ ਉਨ੍ਹਾਂ ਦੇ ਲਈ ਬਹੁਤ ਖ਼ਾਸ ਰਹੀ। ਉਨ੍ਹਾਂ ਨੇ ਮੰਦਰ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸ਼ਲਾਘਾ ਕੀਤੀ।
ਨਵੀਂ ਦਿੱਲੀ ਸਥਿਤ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਵੱਲੋਂ ਵੀ ਇਸ ਯਾਤਰਾ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਗਈ। ਮੰਦਰ ਪ੍ਰਸ਼ਾਸਨ ਨੇ ਕਿਹਾ, ‘ਸੱਭਿਆਚਾਰ ਅਤੇ ਵਿਰਾਸਤ ਨੂੰ ਜਾਣਨ ਦਾ ਇੱਕ ਖ਼ੂਬਸੂਰਤ ਦਿਨ ਰਿਹਾ। ਸਾਡੇ ਲਈ ਟਿਫਨੀ ਟਰੰਪ, ਮਾਈਕਲ ਬੂਲੋਸ ਅਤੇ ਉਨ੍ਹਾਂ ਦੇ ਦੋਸਤਾਂ ਦੀ ਮੇਜ਼ਬਾਨੀ ਕਰਨਾ ਸਨਮਾਨ ਦੀ ਗੱਲ ਰਹੀ।’
ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਵੀ ਇਸ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦੋਵਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਲਿਖਿਆ, ‘ਭਾਰਤ ਵਿੱਚ ਤੁਹਾਡਾ ਸਵਾਗਤ ਹੈ! ਟਿਫਨੀ ਟਰੰਪ, ਮਾਈਕਲ ਬੂਲੋਸ।’
ਮਿਲੀ ਜਾਣਕਾਰੀ ਅਨੁਸਾਰ ਆਗਰਾ ਤੋਂ ਬਾਅਦ ਟਿਫਨੀ ਖੇਰੀਆ ਹਵਾਈ ਅੱਡੇ ਤੋਂ ਚਾਰਟਰਡ ਜਹਾਜ਼ ਰਾਹੀਂ ਰਾਜਸਥਾਨ ਦੇ ਜੈਸਲਮੇਰ ਲਈ ਰਵਾਨਾ ਹੋਣਗੇ, ਜੋ ਆਪਣੀ ਇਤਿਹਾਸਕ ਵਿਰਾਸਤ, ਰੇਗਿਸਤਾਨੀ ਸੱਭਿਆਚਾਰ ਅਤੇ ਸ਼ਾਨਦਾਰ ਕਿਲ੍ਹਿਆਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਅਜਿਹੇ ਵਿੱਚ ਉਨ੍ਹਾਂ ਦੀ ਇਹ ਯਾਤਰਾ ਭਾਰਤ ਦੀ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਰਾਸਤ ਨੂੰ ਆਲਮੀ ਪੱਧਰ ‘ਤੇ ਇੱਕ ਨਵੀਂ ਪਛਾਣ ਦਿਵਾਉਣ ਵਾਲੀ ਮੰਨੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

