ਦਿੱਲੀ ਹਵਾਈ ਅੱਡਾ-ਲੁਧਿਆਣਾ ਵਾਲਵੋ ਬੱਸ ‘ਚ ਟਿਕਟਾਂ ਦੀ ਚੋਰੀ, ਲਾਲਜੀਤ ਭੁੱਲਰ ਵੱਲੋਂ ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼

Prabhjot Kaur
2 Min Read

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮਨਸ਼ੇ ਨਾਲ ਗਠਤ ਕੀਤੇ “ਮਨਿਸਟਰ ਫ਼ਲਾਇੰਗ ਸਕੁਐਡ” ਨੇ ਬੀਤੀ ਰਾਤ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਲੁਧਿਆਣਾ ਆ ਰਹੀ ਵਾਲਵੋ ਬੱਸ ਦੀ ਚੈਕਿੰਗ ਦੌਰਾਨ ਟਿਕਟਾਂ ਦੀ ਚੋਰੀ ਫੜੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 6 ਮੈਂਬਰੀ ਉੱਡਣ ਦਸਤੇ ਨੇ ਪਾਣੀਪਤ ਵਿਖੇ ਰਾਤ 11.20 ਵਜੇ ਦਿੱਲੀ ਏਅਰਪੋਰਟ ਤੋਂ ਲੁਧਿਆਣਾ ਆ ਰਹੀ ਜਲੰਧਰ ਡਿਪੂ ਦੀ ਵਾਲਵੋ ਬੱਸ ਨੰਬਰ ਪੀ.ਬੀ.08-ਸੀ.ਐਕਸ-9053 ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਡਕਟਰ ਨੇ ਸਵਾਰੀਆਂ ਤੋਂ 3,555 ਰੁਪਏ ਲੈ ਕੇ ਉਨ੍ਹਾਂ ਨੂੰ ਟਿਕਟਾਂ ਜਾਰੀ ਨਹੀਂ ਸਨ ਕੀਤੀਆਂ।

ਕੈਬਨਿਟ ਮੰਤਰੀ ਨੇ ਬੱਸ ਦੇ ਕੰਡਕਟਰ ਜਗਦੀਸ਼ ਸਿੰਘ ਨੂੰ 3,555 ਗ਼ਬਨ ਕਰਨ ਦੇ ਦੋਸ਼ ਵਿੱਚ ਤੁਰੰਤ ਡਿਊਟੀ ਤੋਂ ਫ਼ਾਰਗ ਕਰਨ ਸਬੰਧੀ ਟਰਾਂਸਪੋਰਟ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਿਛਲੇ ਹਫ਼ਤੇ ਗਠਤ ਕੀਤਾ ਗਿਆ “ਮਨਿਸਟਰ ਫ਼ਲਾਇੰਗ ਸਕੁਐਡ”

- Advertisement -

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਸਵਾਰੀਆਂ ਵੱਲੋਂ ਟਿਕਟ ਚੋਰੀ ਦੀਆਂ ਸ਼ਿਕਾਇਤਾਂ ਸਬੰਧੀ ਕਾਰਵਾਈ ਕਰਨ ਅਤੇ ਬੱਸ ਸਟੈਂਡਾਂ ਵਿਖੇ ਬੱਸ ਟਾਈਮ-ਟੇਬਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਿਛਲੇ ਹਫ਼ਤੇ “ਮਨਿਸਟਰ ਫ਼ਲਾਇੰਗ ਸਕੁਐਡ” ਗਠਤ ਕੀਤਾ ਗਿਆ ਸੀ।

ਇਸ ਚੈਕਿੰਗ ਟੀਮ ਨੂੰ ਟਰਾਂਸਪੋਰਟ ਮੰਤਰੀ ਦੇ ਹੁਕਮਾਂ ਅਨੁਸਾਰ ਬੱਸ ਸਟੈਂਡ ਵਿਖੇ ਸਮੁੱਚੇ ਬੱਸ ਆਪ੍ਰੇਸ਼ਨ ਨੂੰ ਪ੍ਰਮਾਣਤ ਟਾਈਮ-ਟੇਬਲ ਅਨੁਸਾਰ ਚੈੱਕ ਕਰਨ, ਸਮੂਹ ਰੂਟਾਂ ‘ਤੇ ਚਲ ਰਹੀ ਐਸ.ਟੀ.ਯੂ. ਦੀ ਬੱਸ ਸਰਵਿਸ ਦੀ ਚੈਕਿੰਗ ਸਣੇ ਡਿਪੂਆਂ ਦੀ ਮੁਕੰਮਲ ਚੈਕਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਇਸ ਟੀਮ ਨੂੰ ਹਰ ਚੈਕਿੰਗ ਉਪਰੰਤ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ, ਜੋ ਅੱਗੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੇ।

Share this Article
Leave a comment